ਪੱਤਰ ਪੇ੍ਰਰਕ, ਪਟਿਆਲਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਕੰਨਵੈਨਸ਼ਨ ਗੂਰੂ ਘਰ ਪਿੰਡ ਲੰਗ ਵਿਖੇ ਹੋਈ। ਅੱਜ ਦੀ ਇਕੱਤਰਤਾ ਦੀ ਅਗਵਾਈ ਬਲਾਕ ਪ੍ਰਧਾਨ ਸੁਖਮਿੰਦਰ ਸਿੰਘ ਬਾਰਨ ਨੇ ਕੀਤੀ। ਜਸਵਿੰਦਰ ਸਿੰਘ ਬਰਾਸ ਜ਼ਿਲ੍ਹਾ ਖਜ਼ਾਨਚੀ ਵੱਲੋਂ ਜਥੇਬੰਦੀ ਦੇ ਸੰਘਰਸ਼ਮਈ ਇਤਿਹਾਸ ਬਾਰੇ ਵਿਸਥਾਰ ਨਾਲ ਚਾਨਣਾਂ ਪਾਉਂਦੇ ਹੋਏ, ਜ਼ਮੀਨ ਕੁਰਕੀ ਤੋਂ ਛੁਟਕਾਰਾ ਦਿਵਾਉਣ ਲਈ ਕੀਤੇ ਸੰਘਰਸ਼ ਦੀ ਮਿਸਾਲ ਦਿੱਤੀ, ਨਰਮੇ ਮੁਆਵਜ਼ੇ ਲਈ ਕੀਤੇ ਸੰਘਰਸ਼ ਦੀ ਗੱਲ ਸਾਂਝੀ ਕੀਤੀ। ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਸੰਬੋਧਨ ਕਰਦੇ ਹੋਏ, ਸਿਆਸੀ ਪਾਰਟੀ ਵੱਲੋਂ ਪਿੰਡਾਂ 'ਚ ਕੀਤੀ ਜਾ ਰਹੀ ਘੁਸਪੈਠ ਤੋਂ ਸੁਚੇਤ ਹੋ ਕੇ, ਦਿੱਲੀ ਮੋਰਚੇ ਦੀ ਤਗੜਾਈ ਲਈ ਵਿਚਾਰ ਪੇਸ਼ ਕੀਤੇ। ਉਨ੍ਹਾਂ ਵੱਲੋਂ ਜਥੇਬੰਦੀ ਦੀ ਨੀਤੀ ਪਾਲਿਸੀ ਅਨੁਸਾਰ ਪਿੰਡਾਂ 'ਚ ਵੱਡੀ ਲਾਮਬੰਦੀ ਕਰਨ ਲਈ ਅਪੀਲ ਕੀਤੀ। ਇਨਾਂ੍ਹ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਫਰਦਾ ਜਮਾਂ੍ਹ ਨਾ ਕਰਵਾਉਣ ਦੀ ਗੱਲ ਸਾਂਝੀ ਕੀਤੀ, ਉਨ੍ਹਾਂ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਫਿਕਰ ਕਰਨ ਦੀ ਲੋੜ ਨਹੀਂ, ਤੁਹਾਡੇ ਸੰਘਰਸ਼ ਅਤੇ ਏਕੇ ਦੇ ਤਾਕਤ ਨਾਲ ਫਸਲ ਦੀ ਵਿਕਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ 27 ਸਤੰਬਰ ਦੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਹਰ ਵਰਗ ਦੇ ਲੋਕ ਜਿਨ੍ਹਾਂ 'ਚ ਮਜ਼ਦੂਰ, ਮੁਲਾਜ਼ਮ, ਦੁਕਾਨਦਾਰ, ਛੋਟੇ ਵਪਾਰੀ, ਜਨਤਕ ਅਦਾਰੇ ਦੇ ਕਰਮਚਾਰੀਆਂ ਨਾਲ ਰਾਬਤਾ ਕਾਇਮ ਕਰਕੇ ਮੁਕੰਮਲ ਕੰਮ ਬੰਦ ਕਰਕੇ ਸਰਕਾਰ ਦਾ ਵਿਰੋਧ ਕੀਤਾ ਜਾਵੇ। ਇਸ ਦੌਰਾਨ ਗੁਰਮੀਤ ਕੌਰ ਬਾਰਨ, ਦਵਿੰਦਰ ਕੌਰ ਹਰਦਾਸਪੁਰ, ਗੁਰਮੀਤ ਸਿੰਘ ਬਾਰਨ ਵੱਲੋਂ ਸ਼ੰਘਰਸਮਈ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।