ਸਟਾਫ ਰਿਪੋਰਟਰ, ਪਟਿਆਲਾ : ਵਿਆਹ ਤੋਂ ਇਨਕਾਰ ਕਰਨ ’ਤੇ ਇਕ ਨੌਜਵਾਨ ਹਸਪਤਾਲ ਵਿਚ ਕੰਮ ਕਰਨ ਵਾਲੀ ਕੁੜੀ ਨੂੰ ਅਗਵਾ ਕਰਕੇ ਘਰ ਲੈ ਗਿਆ। ਵਿਰੋਧ ਕਰਨ ’ਤੇ ਕੁੜੀ ਦੀ ਕੁੱਟਮਾਰ ਕੀਤੀ ਗਈ ਤੇ ਬਚਾਅ ਲਈ ਆਉਣ ਵਾਲੇ ਵਿਅਕਤੀ ਦੀ ਕਾਰ ਦੀ ਭੰਨਤੋੜ ਕੀਤੀ ਗਈ। ਘਟਨਾ 12 ਅਪ੍ਰੈਲ ਦੀ ਹੈ ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੁਲਜ਼ਮ ਦੇ ਘਰ ਛਾਪਾ ਮਾਰ ਕੇ ਕੁੜੀ ਨੂੰ ਬਰਾਮਦ ਕੀਤਾ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਮੁਲਜਮ ਦੀ ਪਛਾਣ ਗਗਨਦੀਪ ਸਿੰਘ ਵਾਸੀ ਪਿੰਡ ਬਾਰਨ ਵਜੋਂ ਹੋਈ ਹੈ।

ਪੁਲਿਸ ਅਨੁਸਾਰ ਮੁਲਜ਼ਜਮ ਨਸ਼ੇ ਕਰਨ ਦਾ ਆਦੀ ਸੀ ਤੇ ਇਸੇ ਕਾਰਨ ਉਸ ਨਾਲ ਕੁੜੀ ਦੇ ਪਰਿਵਾਰ ਨੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ। ਅਰਬਨ ਅਸਟੇਟ ਥਾਣਾ ਮੁਖੀ ਰੌਣੀ ਸਿੰਘ ਨੇ ਕਿਹਾ ਕਿ ਮੁਲਜ਼ਮ ਖਿਲਾਫ ਅਗਵਾ ਕਰਨ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੀੜਤਾ ਅਨੁਸਾਰ ਲੜਕੇ ਨਾਲ ਉਸ ਦੀ ਪਛਾਣ ਕਰੀਬ ਦੋ ਹਫਤੇ ਪਹਿਲਾਂ ਹੋਈ ਸੀ। ਇਸ ਤੋਂ ਬਾਅਦ ਲੜਕੇ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਪਰ ਲੜਕੀ ਨੇ ਨਾਂਹ ਕਰ ਦਿੱਤੀ ਸੀ। 12 ਅਪੈ੍ਲ ਦੀ ਸਵੇਰ ਲੜਕੇ ਦੇ ਪਰਿਵਾਰਕ ਮੈਂਬਰ ਲੜਕੀ ਦੇ ਘਰ ਗੱਲ ਕਰਨ ਆਏ ਤਾਂ ਲੜਕੀ ਦੇ ਪਰਿਵਾਰ ਨੇ ਲੜਕੇ ਦੇ ਨਸ਼ੇ ਕਰਨ ਕਰਕੇ ਨਾਂਹ ਕਰ ਦਿੱਤੀ।

ਇਸ ਬਾਰੇ ਫੋਨ ’ਤੇ ਨੌਜਵਾਨ ਨੂੰ ਪਤਾ ਲੱਗਿਆ ਤਾਂ ਉਹ ਸਿੱਧਾ ਹਸਪਤਾਲ ਪੁੱਜ ਗਿਆ ਜਿਥੇ ਲੜਕੀ ਕੰਮ ਕਰਦੀ ਸੀ। ਹਸਪਤਾਲ ਪੁੱਜ ਕੇ ਲੜਕੇ ਨੇ ਲੜਕੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਲੜਕੀ ਨੇ ਆਪਣੇ ਰਿਸ਼ਤੇਦਾਰ ਨੂੰ ਫੋਨ ਕੀਤਾ ਤਾਂ ਫੋਨ ਵੀ ਤੋੜ ਕੇ ਸੁੱਟ ਦਿੱਤਾ। ਲੜਕੀ ਮੌਕੇ ’ਤੇ ਪੁੱਜੇ ਆਪਣੇ ਰਿਸ਼ਤੇਦਾਰ ਦੀ ਕਾਰ ਵਿਚ ਬੈਠੀ ਤਾਂ ਲੜਕੇ ਕਾਰ ਦਾ ਸ਼ੀਸ਼ਾ ਭੰਨ ਕੇ ਉਸ ਨੂੰ ਕਾਰ ਵਿਚੋਂ ਖਿੱਚ ਕੇ ਜਬਰੀ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ।

ਨੌਜਵਾਨ ਦੇ ਹਮਲੇ ਤੋਂ ਘਬਰਾਈ ਲੜਕੀ ਨੂੰ ਆਪਣੇ ਨਾਲ ਪਿੰਡ ਬਾਰਨ ਸਥਿਤ ਘਰ ਤੋਂ ਲੈ ਕੇ ਜਾਣ ਤੋਂ ਬਾਅਦ ਕਮਰੇ ਵਿਚ ਬੰਦ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਅਰਬਨ ਅਸਟੇਟ, ਅਨਾਜ ਮੰਡੀ ਤੇ ਫੱਗਣ ਮਾਜਰਾ ਪੁਲਿਸ ਚੌਕੀ ਦੀ ਟੀਮ ਨੌਜਵਾਨ ਦੇ ਘਰ ਪੁੱਜੀ। ਕਰੀਬ ਇਕ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਲੜਕੀ ਨੂੰ ਬਰਾਮਦ ਕਰਕੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ।

Posted By: Jagjit Singh