ਪਵਿੱਤਰ ਸਿੰਘ, ਅਮਰਗੜ੍ਹ : ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ’ਚ ਲਗਾਤਾਰ ਲੋਕ ਸ਼ਹੀਦ ਹੋ ਰਹੇ ਹਨ। ਪਿੰਡ ਚੌਂਦੇ ਦਾ ਨਾਮੀ ਕਬੱਡੀ ਖਿਡਾਰੀ ਕਾਕਾ ਚੌਂਦਾ ਵੀ ਇਸ ਘੋਲ ਦੌਰਾਨ ਆਪਣੀ ਕੀਮਤੀ ਜਾਨ ਗੁਆ ਬੈਠਾ ਹੈ।

ਕਬੱਡੀ ਖਿਡਾਰੀ ਸਰਭਾ ਚੌਂਦਾ ਅਤੇ ਪਰਦੀਪ ਢਢੋਲੀ ਨੇ ਦੱਸਿਆ ਕਿ ਕਬੱਡੀ ਖਿਡਾਰੀ ਕਾਕਾ ਚੌਂਦਾ ਨੇ ਨਿੱਕੀ ਉਮਰ ’ਚ ਹੀ ਕਬੱਡੀ ’ਚ ਨਾਮਣਾ ਖੱਟਦਿਆਂ ਪਿੰਡ ਦੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਇਸ ਦੇ ਬਾਵਜੂਦ ਪਰਿਵਾਰਕ ਪਿਛੋਕੜ ਨਿਮਨ ਕਿਸਾਨੀ ਵਾਲਾ ਹੋਣ ਕਾਰਨ ਘਰੇਲੂ ਹਾਲਾਤ ਮਾੜੇ ਸਨ। ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਵੀ ਪਹਿਲੇ ਦਿਨ ਤੋਂ ਹੀ ਸੰਘਰਸ਼ ਕਰਦਾ ਆ ਰਿਹਾ ਸੀ।

ਹੁਣ ਵੀ ਕੁੱਝ ਦਿਨ ਪਹਿਲਾਂ ਹੀ ਦਿੱਲੀ ਤੋਂ ਪਰਤ ਕੇ 26 ਜਨਵਰੀ ਦੀ ਟਰੈਕਟਰ ਪਰੇਡ ਦੀ ਤਿਆਰੀ ਲਈ ਪਿੰਡਾਂ ’ਚ ਨੌਜਵਾਨਾਂ ਦੀਆਂ ਮੀਟਿੰਗਾਂ ਕਰਵਾ ਰਿਹਾ ਸੀ। ਬੀਤੀ ਰਾਤ ਅਚਾਨਕ ਛਾਤੀ ’ਚ ਦਰਦ ਉਠਣ ਕਾਰਨ ਉਸ ਦੀ ਹਾਲਤ ਵਿਗੜ ਗਈ ਤੇ ਉਸ ਦੀ ਮੌਤ ਹੋ ਗਈ।

ਕਬੱਡੀ ਖਿਡਾਰੀਆਂ ਨੇ ਕਿਹਾ ਕਿ ਇਸ ਮੌਤ ਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ। ਕਬੱਡੀ ਖਿਡਾਰੀਆਂ ਨੇ ਮੰਗ ਕੀਤੀ ਕਿ ਮਿ੍ਤਕ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਕਬੱਡੀ ਖਿਡਾਰੀ ਲਵੂ ਲਸਾੜਾ, ਗੱਗੀ ਜਰਗੜੀ, ਸ਼ਿੰਗਾਰਾ ਹੌਲ ਅਤੇ ਲਾਡੀ ਨੱਥੋਹੇੜੀ ਵੀ ਹਾਜ਼ਰ ਸਨ।

Posted By: Jagjit Singh