ਮਹਿੰਦਰਪਾਲ,ਗੁਰਦੀਪ, ਭਾਦਸੋਂ : ਭਰ ਜਵਾਨੀ ਵਿਚ ਨਾਮੀ ਬਾਡੀ ਬਿਲਡਰ ,ਮਾਡਲ ਤੇ ਕਬੱਡੀ ਖਿਡਾਰੀ ਸਵ.ਸਤਨਾਮ ਸਿੰਘ ਖੱਟੜਾ ਦਾ ਅੰਗੀਠਾ ਸਾਂਭਣ ਦੀ ਰਸਮ ਉਸਦੇ ਭਾਦਸੋਂ ਨੇੜਲੇ ਜੱਦੀ ਪਿੰਡ ਭੱਲ ਮਾਜਰਾ ਵਿੱਖੇ ਰਿਸ਼ਤੇਦਾਰਾਂ,ਮਿੱਤਰਾਂ ਤੇ ਇਲਾਕਾ ਨਿਵਾਸੀਆਂ ਵਿਚਕਾਰ ਸੰਪੰਨ ਹੋਈ ਜਿੱਥੇ ਸਤਨਾਮ ਦੇ ਖੇਡ ਸਫ਼ਰ ਦੇ ਹਮਰਾਹੀ ਉਸ ਨੂੰ ਸੋਨੇ ਤੋਂ ਮਿੱਟੀ ਹੋਇਆ ਦੇਖ ਭੁੱਬਾਂ ਮਾਰ ਕੇ ਰੋਂਦੇ ਦਿਖੇ ।

ਇਸ ਦੌਰਾਨ ਸਤਿਨਾਮ ਦੇ ਕਬੱਡੀ ਖੇਡਣ ਸਮੇਂ ਦੇ ਸਾਥੀ ਤੇ ਸਭ ਤੋਂ ਨਜਦੀਕੀ ਮਿੱਤਰ ਰਹੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀਪਾ ਰਾਮਗੜ੍ਹ ਨੇ ਕਿਹਾ ਕਿ ਵਿਸ਼ਵਾਸ ਨਹੀ ਹੋ ਰਿਹਾ ਕਿ ਵਰ੍ਹਿਆਂ ਦੀ ਸਖਤ ਮੇਹਨਤ ਨਾਲ ਕਮਾਇਆ ਸਰੀਰ ਮੁੱਠੀਆਂ ‘ਚੋਂ ਰੇਤ ਵਾਂਗ ਕਿਰ ਗਿਆ ਹੈ । ਉਨ੍ਹਾਂ ਕਿਹਾ ਕਿ ਸਤਨਾਮ ਦੀ ਮ੍ਰਿਤਕ ਦੇਹ ਵੀ ਕਿਸੇ ਸ਼ੇਰ ਵਾਂਗ ਦਹਾੜ ਰਹੀ ਸੀ ਤੇ ਉਸਨੂੰ ਅਗਨੀ ਭੇਂਟ ਕਰਨ ਵੇਲੇ ਸਬੰਧੀਆਂ ਦੇ ਹੱਥ ਤੇ ਆਤਮਾ ਦੋਵੇਂ ਕੰਬਕੇ ਅੱਗ ਵੱਲ ਵਧਣ ਤੋਂ ਮੁਨਕਰ ਸਨ।

ਅਪਣੇ ਪਰਮ ਮਿੱਤਰ ਸਤਨਾਮ ਖੱਟੜਾ ਦੀ ਬੇਵਕਤੀ ਮੌਤ ਦੇ ਗਮਗੀਨ ਮਿੱਤਰਾਂ ਵਿੱਚ ਕਬੱਡੀ ਸਟਾਰ ਸੁਲਤਾਨ ਸ਼ੋਂਸਪੁਰ,ਕਾਕਾ ਘਣੀਵਾਲ,ਰਾਜਾ ਸੰਧੂ,ਜਿੰਦਰਾ ਭੜੋ,ਜੱਗੀ ਖਰੌਡ,ਢਿੱਲੋਂ ਪ੍ਰੀਤ ਅਮ੍ਰਿਤਸਰ,ਅਨਮੋਲ ਕਵਾਤਰਾ,ਗੁਰਨੀਤ ਦੁਸਾਂਝ,ਦੀਪਾ ਰਾਮਗੜ ਤੇ ਸੁਖਵਿੰਦਰ ਖੱਟੜਾ ਸ਼ਾਮਿਲ ਹਨ । ਸ਼ੋਸ਼ਲ ਮੀਡੀਆ ਤੇ ਸਤਨਾਮ ਨਾਲ ਸੰਵੇਦਨਾ ਪ੍ਰਗਟਾਉਣ ਵਾਲੀਆਂ ਸੈਂਕੜੇ ਵੱਡੀਆਂ ਸਖਸ਼ੀਅਤਾਂ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਜੇਜੀ ਬੈਂਸ, ਸਿੱਧੂ ਮੂਸੇ ਵਾਲਾ,ਐਮੀ ਵਿਰਕ,ਸਿੱਪੀ ਗਿੱਲ,ਚਮਕੌਰ ਖੱਟੜਾ,ਸੰਸਾਰ ਸੰਧੂ, ਜਾਰਜ ਗਿੱਲ, ਡੀਐਸਪੀ ਅਤੁਲ ਸੋਨੀ ਤੋਂ ਇਲਾਵਾ ਕਈ ਵੱਡੇ ਰਾਜਨੀਤਕ ਆਗੂ ਸ਼ਾਮਿਲ ਹਨ ।

Posted By: Jagjit Singh