ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : ਸਰਹਿੰਦ-ਬੱਸੀ ਰੋਡ 'ਤੇ ਬਣੇ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਗੇਟ ਨਜ਼ਦੀਕ ਕੌਂਸਲ ਦੀ ਜਗ੍ਹਾ 'ਤੇ ਬਣਾਏ ਜਾ ਰਹੇ ਮਕਾਨ ਵਾਲੀ ਜਗ੍ਹਾ ਖਾਲੀ ਕਰਵਾਈ ਗਈ। ਕਾਰਜਸਾਧਕ ਅਫਸਰ ਗੁਰਪਾਲ ਸਿੰਘ ਨੇ ਦੱਸਿਆ ਕਿ ਕੌਂਸਲ ਨੂੰ ਸੂਚਨਾ ਮਿਲੀ ਸੀ ਕਿ ਹਰਿਆਣਾ ਰਾਮ ਵਾਸੀ ਬਹਾਦਰਗੜ੍ਹ ਵਲੋਂ ਕੌਂਸਲ ਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕਰ ਕੇ ਮਕਾਨ ਦੀ ਉਸਾਰੀ ਕੀਤੀ ਜਾ ਰਹੀ ਹੈ। ਜਿਸ 'ਤੇ ਕਾਰਵਾਈ ਕਰਦਿਆਂ ਕੌਂਸਲ ਨੇ ਪੁਲਿਸ ਤੇ ਕਰਮਚਾਰੀਆਂ ਤੇ ਜੇਸੀਬੀ ਦੀ ਮਦਦ ਨਾਲ ਕਬਜ਼ੇ ਵਾਲੀ ਜਗ੍ਹਾ ਖਾਲੀ ਕਰਵਾਈ ਗਈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਨੇ ਵੀ ਕੌਂਸਲ ਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਤੁਰੰਤ ਖਾਲੀ ਕਰ ਦੇਣ ਨਹੀਂ ਤਾਂ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਸੰਪਰਕ ਕਰਨ 'ਤੇ ਹਰਿਆਣਾ ਰਾਮ ਨੇ ਕਿਹਾ ਕਿ ਕੌਂਸਲ ਵਲੋਂ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਕਿਉਂਕਿ ਉਹ ਜਗ੍ਹਾ 'ਤੇ ਪਿਛਲੇ 40-50 ਸਾਲ ਤੋਂ ਕਾਬਜ਼ ਹਨ ਅਤੇ ਇਸ ਜਗ੍ਹਾ ਦਾ ਉੁਹ ਕੌਂਸਲ ਨੂੰ ਟੈਕਸ ਵੀ ਭਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹ ਇਸ ਜਗ੍ਹਾ ਦੇ ਕੌਂਸਲ ਕੋਲ ਪੈਸੇ ਭਰਨ ਲਈ ਵੀ ਤਿਆਰ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਅਦਾਲਤ ਦੇ ਵੀ ਆਰਡਰ ਮੌਜੂਦ ਹਨ ਜਿਸ 'ਚ ਅਦਾਲਤ ਨੇ ਸਪੱਸ਼ਟ ਕਿਹਾ ਹੈ ਕਿ ਉਹ ਇਸ ਜਗ੍ਹਾ 'ਤੇ ਉਸਾਰੀ ਵਗੈਰਾ ਕਰ ਸਕਦੇ ਹਨ ਇਸ ਦੇ ਬਾਵਜ਼ੂਦ ਵੀ ਕੌਂਸਲ ਅਧਿਕਾਰੀਆਂ ਨੇ ਉਨ੍ਹਾਂ ਵਲੋਂ ਬਣਾਏ ਮਕਾਨ ਨੂੰ ਨਾਜਾਇਜ਼ ਕਬਜ਼ਾ ਕਰਾਰ ਦੇ ਢਾਹ ਦਿੱਤਾ। ਜਿਸ ਕਰ ਕੇ ਉਨ੍ਹਾਂ ਦਾ ਮਕਾਨ 'ਤੇ ਲਗਾਇਆ ਲੱਖਾਂ ਰੁਪਏ ਦਾ ਮਟੀਰੀਅਲ ਬਰਬਾਦ ਹੋ ਗਿਆ ਹੈ।