ਗੁਰਪ੍ਰਰੀਤ ਸਿੰਘ ਜੋਗੀਪੁਰ, ਘਨੌਰ

ਸ੍ਰੋਮਣੀ ਅਕਾਲੀ ਦਲ ਵਲੋਂ ਹੁਣ ਪਿੰਡਾਂ ਵਿਚਲੀਆਂ ਛੋਟੀਆਂ ਛੋਟੀਆਂ ਲੜਾਈਆਂ ਨੰੂ ਮੁਕਾਉਣ ਦੀ ਬਜਾਏ ਬਿਆਨਬਾਜ਼ੀ ਕਰ ਕੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਘਨੌਰ ਵਿਖੇ ਪੱਤਰਕਾਰ ਮਿਲਣੀ ਦੌਰਾਨ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਤਖ਼ਤੂਮਾਜਰਾ ਪਿੰਡ ਦੇ ਮਾਮਲੇ ਵਿਚ ਪਹਿਲਾਂ ਅਕਾਲੀ ਦਲ ਵਲੋਂ ਥਾਣੇ ਵਿਚ ਗੁੰਡਾਗਰਦੀ ਕੀਤੀ ਗਈ ਅਤੇ ਤੋਂ ਬਾਅਦ ਚਿੱਟੇ ਦਿਨ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਕਾਂਗਰਸੀ ਸਰਪੰਚ ਦੀ ਵੱਢ-ਟੁੱਕ ਕੀਤੀ ਗਈ।

ਸਾਬਕਾ ਐੱਮਪੀ ਪ੍ਰਰੋ. ਚੰਦੂਮਾਜਰਾ ਵਲੋਂ ਲਗਾਏ ਗਏ ਦੋਸ਼ਾਂ ਦਾ ਖੰਡਨ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਪਿੰਡ ਤਖ਼ਤੂਮਾਜਰਾ ਦੀ ਜਗੀਰ ਕੌਰ ਦੀ ਮੌਤ ਹੋਣਾ ਮੰਦਭਾਗਾ ਹੈ ਤੇ ਸਾਨੰੂ ਵੀ ਇਸ ਮੌਤ ਦਾ ਗਹਿਰਾ ਦੁੱਖ ਹੈ ਪਰ ਇਹ ਦੱਸਣਾ ਬਣਦਾ ਹੈ ਕਿ ਬੀਬਾ ਪਹਿਲਾਂ ਤੋਂ ਹੀ ਬਿਮਾਰ ਚੱਲ ਰਹੇ ਸਨ ਅਤੇ ਝਗੜੇ ਤੋਂ ਪਹਿਲਾਂ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ ਸਨ। ਇਸ ਲਈ ਇਸ ਮੌਤ ਨਾਲ ਝਗੜੇ ਜਾਂ ਫਿਰ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਨਾਲ ਹੀ ਵਿਧਾਇਕ ਜਲਾਲਪੁਰ ਨੇ ਕਿਹਾ ਕਿ 2012 ਵਿਚ ਪੰਚਾਇਤੀ ਚੋਣਾਂ ਦੌਰਾਨ ਘਨੌਰ ਵਿਖੇ ਪ੍ਰਰੋ. ਪ੍ਰਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿਚ ਅਕਾਲੀ ਦਲ ਦੇ ਗੁੰਡਾ ਅਨਸਰਾਂ ਵਲੋਂ ਕਾਂਗਰਸ ਪਾਰਟੀ ਦੇ ਵਰਕਰਾਂ 'ਤੇ ਬੁਰ੍ਹੀ ਤਰ੍ਹਾਂ ਤਸ਼ੱਸ਼ਦ ਢਾਹਿਆ ਗਿਆ ਸੀ। ਮੌਕੇ ਦੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਸੀ।

ਵਿਧਾਇਕ ਜਲਾਲਪੁਰ ਨੇ ਕਿਹਾ ਕਿ ਤਖ਼ਤੂਮਾਜਰਾ ਵਿਖੇ ਅਕਾਲੀ ਦਲ ਵੱਲੋਂ ਕਾਂਗਰਸੀ ਵਰਕਰਾਂ ਤੇ ਕੀਤੇ ਗਏ ਜਾਨਲੇਵਾ ਹਮਲੇ ਤੋਂ ਸਾਰੇ ਭਲੀਭਾਂਤ ਜਾਣੂ ਹਨ ਅਤੇ ਇਸ ਵਾਰਦਾਤ ਦੀ ਘਟਨਾ ਕੈਮਰਿਆਂ ਵਿਚ ਰਿਕਾਰਡ ਹੋ ਚੁੱਕੀ ਹੈ ਕਿ ਜਿਸ ਤੋਂ ਸਪੱਸ਼ਟ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਵਲੋਂ ਗੁੰਡਾਗਰਦੀ ਦਾ ਨਾਚ ਕੀਤਾ ਗਿਆ ਹੈ। ਪੁਲਿਸ ਨੇ ਸਬੂਤਾਂ ਦੇ ਆਧਾਰ 'ਤੇ ਹੀ ਪਰਚਾ ਦਰਜ ਕੀਤਾ ਹੈ ਅਤੇ ਹੁਣ ਆਪਣੇ ਆਪ ਨੰੂ ਫਸਦਾ ਦੇਖ ਅਕਾਲੀ ਦਲ ਉਚ ਅਧਿਕਾਰੀਆਂ 'ਤੇ ਦਬਾਅ ਬਣਾ ਕੇ ਪਰਚਾ ਰੱਦ ਕਰਵਾਉਣ ਦੀਆਂ ਸਾਜਿਸ਼ਾਂ ਰਚ ਰਿਹਾ ਹੈ। ਵਿਧਾਇਕ ਜਲਾਲਪੁਰ ਨੇ ਇਹ ਵੀ ਮੰਗ ਕੀਤੀ ਕਿ ਪੁਲਿਸ ਬਿਨ੍ਹਾਂ ਕਿਸੇ ਦਬਾਅ ਅਤੇ ਪੱਖ-ਪਾਤ ਤੋਂ ਮਾਮਲੇ ਦੀ ਜਾਂਚ ਕਰ ਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰੇ।