ਪੱਤਰ ਪ੍ਰਰੇਰਕ, ਰਾਜਪੁਰਾ : ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਖੇਡਾਂ ਦੀਆਂ ਉੱਚ ਪ੍ਰਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ, ਜਿਸ ਵਿੱਚ ਜਗਦੀਪ ਸਿੰਘ ਕਾਹਲੋਂ ਨੂੰ ਸਾਇਕਲਿੰਗ ਖੇਡ ਵਿੱਚ ਵਧੀਆ ਪ੍ਰਦਰਸ਼ਨ ਕਰਨ ਤੇ ਇਸ ਐਵਾਰਡ ਨਾਲ ਸਨਮਾਨਿਆ ਗਿਆ। ਜਿਸਦੇ ਚਲਦਿਆਂ ਅੱਜ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਆਪਣੇ ਗ੍ਹਿ ਵਿਖੇ ਜਗਦੀਪ ਸਿੰਘ ਕਾਹਲੋਂ ਦਾ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਖਿਡਾਰੀ ਕਾਹਲੋਂ ਨੂੰ ਮਿਲੇ ਐਵਾਰਡ ਨਾਲ ਪਟਿਆਲਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਜਿਕਰਯੋਗ ਹੈ ਕਿ ਜਗਦੀਪ ਸਿੰਘ ਕਾਹਲੋਂ ਰੇਲਵੇ ਵਿਭਾਗ ਵਿੱਚ ਉੱਚ ਆਧਿਕਾਰੀ ਦੇ ਤੋਰ ਤੇ ਆਪਣੀਆ ਸੇਵਾਵਾਂ ਦੇ ਰਹੇ ਹਨ। ਜਗਦੀਪ ਸਿੰਘ ਕਾਹਲੋਂ ਨੇ ਸਾਈਕਲਿੰਗ ਖੇਡ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਜਿਸ ਵਿੱਚ ਜਗਦੀਪ ਸਿੰਘ ਨੇ 2002 ਤੋ 2009 ਤੱਕ ਲਗਾਤਾਰ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਕੌਮੀ ਪੱਧਰ ਤੇ ਸੋਨ ਤਗਮੇ ਜਿੱਤੇ। 2006 ਤੇ 2009 ਵਿੱਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਚੈਂਪੀਅਨ ਬਣਿਆ ਤੇ ਨਵਾਂ ਕਿਰਤੀਮਾਨ ਸਥਾਪਿਤ ਕੀਤਾ। 2007 ਵਿੱਚ ਨੈਸ਼ਨਲ ਗੇਮਾਂ ਵਿੱਚ ਵੀ ਜਗਦੀਪ ਸਿੰਘ ਨੇ ਪੰਜਾਬ ਲਈ ਸੋਨ ਤਗਮਾ ਜਿੱਤਿਆ ਅਤੇ ਨਾਲ ਹੀ 2007 ਵਿੱਚ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਰਾਸ਼ਟਰੀ ਰਿਕਾਰਡ ਵੀ ਸਥਾਪਿਤ ਕੀਤਾ ਜੋ ਸਾਈਕਲਿੰਗ ਇਤਿਹਾਸ ਦਾ ਸਭ ਤੋ ਲੰਮੇ ਸਮੇ ਰਾਸ਼ਟਰੀ ਰਿਕਾਰਡਾਂ ਵਿੱਚੋ ਇੱਕ ਸੀ। ਜਗਦੀਪ ਸਿੰਘ ਸਾਈਕਲਿੰਗ ਦੇ ਪਰਸ਼ੂਟ ਈਵੈਂਟ ਵਿੱਚ ਪੰਜ ਵਾਰ ਲਗਾਤਾਰ ਨੈਸ਼ਨਲ ਚੈਂਪੀਅਨ ਦਾ ਖਿਤਾਬ ਜਿੱਤਿਆ। ਅੰਤਰਰਾਸ਼ਟਰੀ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ ਨੇ ਰਾਸ਼ਟਰੀ ਪੱਧਰ ਤੇ ਪੰਜਾਬ ਲਈ 12 ਸੋਨ ਤਗਮੇ ਸਮੇਤ ਕੁੱਲ 23 ਤਗਮੇ ਜਿੱਤੇ। ਪਿਛਲੇ ਸਾਲ ਹੋਈ ਵਿਸ਼ਵ ਰੇਲਵੇ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਵੀ ਜਗਦੀਪ ਸਿੰਘ ਨੂੰ ਭਾਰਤ ਸਰਕਾਰ ਤੇ ਰੇਲਵੇ ਬੋਰਡ ਨੇ ਤਕਨੀਕੀ ਅਧਿਕਾਰੀ ਨਿਯੁੱਕਤ ਕੀਤਾ ਸੀ। ਇਸ ਮੌਕੇ ਬਾਬਾ ਦਿਲਬਾਗ ਸਿੰਘ ਕਾਰ ਸੇਵਾ ਵਾਲੇ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਐਨ.ਆਰ.ਐਮ.ਯੂ ਰੇਲਵੇ ਯੂਨੀਅਨ ਦੇ ਪ੍ਰਧਾਨ ਜਸਮੇਰ ਸਿੰਘ, ਰਾਜਪੁਰਾ ਕਾਂਗਰਸ ਪਾਰਟੀ ਦੇ ਉਪ-ਪ੍ਰਧਾਨ ਅਮਰ ਸਿੰਘ ਪਾਸੀ, ਬਲਦੀਪ ਸਿੰਘ ਬੱਲੂ ਸਮੇਤ ਹੋਰ ਹਾਜ਼ਰ ਸਨ।