ਨਵਦੀਪ ਢੀਂਗਰਾ, ਪਟਿਆਲਾ : ਇਨਸਾਫ਼ ਲਈ ਪੁਲਿਸ ਥਾਣੇ ਪੁੱਜਣ ਵਾਲੇ ਲੋਕਾਂ ਦੀ ਮਦਦ ਕਰਨ ਵਾਲੇ ਇੰਸਪੈਕਟਰ ਨੂੰ ਆਪਣੇ ਹੀ ਪੁੱਤਰ ਦੇ ਕਤਲ ਦਾ ਕੇਸ ਦਰਜ ਕਰਵਾਉਣ ਲਈ ਤਿੰਨ ਸਾਲ ਲੱਗ ਗਏ। ਮਿ੍ਤਕ ਸ਼ਗਨਦੀਪ ਸਿੰਘ ਦਾ ਕਤਲ ਮਾਰਚ 2017 'ਚ ਹੋਇਆ ਸੀ। ਇਸ ਮਾਮਲੇ ਵਿਚ ਸ਼ਗਨਦੀਪ ਸਿੰਘ ਦੇ ਪਿਤਾ ਇੰਸਪੈਕਟਰ ਮਨਜੀਤ ਸਿੰਘ ਵਾਸੀ ਅਲਹੋਰਾਂ ਕਲਾਂ ਦੇ ਬਿਆਨ ਦੇ ਆਧਾਰ 'ਤੇ ਸ਼ਗਨਦੀਪ ਸਿੰਘ ਦੇ ਦੋਸਤ ਜਗਜੀਤ ਸਿੰਘ, ਧਰਮਿੰਦਰ ਸਿੰਘ, ਜਗਜੀਤ ਸਿੰਘ ਦੇ ਪਰਿਵਾਰਕ ਮੈਂਬਰ ਤੇ ਇਕ ਅਣਪਛਾਤੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਮਾਰਚ 2017 ਵਿਚ ਪੁੱਤਰ ਦੀ ਮੌਤ ਹੋਈ ਤਾਂ ਵਿਸਰਾ ਰਿਪੋਰਟ ਲਈ ਸੈਂਪਲ ਭੇਜੇ ਗਏ ਤੇ ਜੁਲਾਈ 2019 ਵਿਚ ਰਿਪੋਰਟ ਆਈ, ਉਦੋਂ ਤੋਂ ਮਈ 2020 ਤਕ ਸਦਰ ਨਾਭਾ ਥਾਣੇ ਕਈ ਵਾਰ ਸੰਪਰਕ ਕੀਤਾ ਪਰ ਕੇਸ ਦਰਜ ਨਾ ਹੋਇਆ। ਵਿਸਰਾ ਰਿਪੋਰਟ ਮਿਲਣ ਤੋਂ ਬਾਅਦ ਵੀ ਪੁਲਿਸ ਦੀ ਜਾਂਚ ਅੱਧੀ ਹੀ ਨਿਕਲੀ, ਜਿਸ ਕਾਰਨ ਡੀਏ ਲੀਗਲ ਨੂੰ ਫਾਈਲ ਭੇਜ ਕੇ ਸਲਾਹ ਮੰਗੀ ਗਈ। ਡੀਏ ਲੀਗਲ ਦੀ ਸਲਾਹ ਮਿਲਦੇ ਹੀ 9 ਮਹੀਨੇ ਬਾਅਦ ਕੇਸ ਦਰਜ ਹੋ ਗਿਆ।

ਮਿ੍ਤਕ ਦੇ ਪਿਤਾ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੇ ਪਰਿਵਾਰ ਵਿਚ ਦੋ ਲੜਕੀਆਂ ਤੇ ਇਕ ਲੜਕਾ ਸੀ। ਲੜਕੇ ਸ਼ਗਨਦੀਪ ਸਿੰਘ ਨੂੰ ਉਸਦੇ ਦੋਸਤ ਪਾਰਟੀ ਕਰਨ ਦੇ ਬਹਾਨੇ ਘਰ ਤੋਂ ਲੈ ਗਏ ਸਨ। ਪਾਰਟੀ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਵਾਹਨ ਨਾ ਹੋਣ ਦੀ ਗੱਲ ਕਹਿ ਕੇ ਸ਼ਗਨਦੀਪ ਦੇ ਵਾਹਨ 'ਤੇ ਉਸ ਨੂੰ ਵੀ ਆਪਣੇ ਘਰ ਲੈ ਗਏ। ਸ਼ਗਨਦੀਪ ਮੁਲਜ਼ਮਾਂ ਨੂੰ ਛੱਡ ਕੇ ਵਾਪਸ ਘਰ ਆ ਰਿਹਾ ਸੀ ਤਾਂ ਰਸਤੇ ਵਿਚ ਹੀ ਬੇਹੋਸ਼ ਹੋ ਕੇ ਡਿੱਗ ਗਿਆ। ਲੰਘ ਰਹੇ ਲੋਕਾਂ ਨੇ ਘਰ ਸੂਚਨਾ ਦਿੱਤੀ ਤਾਂ ਸ਼ਗਨਦੀਪ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ। ਉਸ ਸਮੇਂ ਪੁੱਜੀ ਪੁਲਿਸ ਕੋਲ ਸ਼ੱਕ ਜਾਹਿਰ ਕੀਤਾ ਸੀ ਕਿ ਸ਼ਗਨਦੀਪ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਗਈ ਹੈ। 174 ਦੀ ਕਾਰਵਾਈ ਕਰਦਿਆਂ ਵਿਸਰਾ ਰਿਪੋਰਟ ਲਈ ਸੈਂਪਲ ਭੇਜਿਆ ਗਿਆ ਤੇ ਰਿਪੋਰਟ ਵਿਚ ਜ਼ਹਿਰੀਲੀ ਵਸਤੂ ਦੀ ਪੁਸ਼ਟੀ ਹੋਈ। ਮਨਜੀਤ ਸਿੰਘ ਨੇ ਕਿਹਾ ਇਨਸਾਫ਼ ਨਾ ਮਿਲਦਾ ਦੇਖ ਉਨ੍ਹਾਂ ਕਈ ਅਧਿਕਾਰੀਆਂ ਨੂੰ ਵੀ ਫੋਨ ਕੀਤੇ ਪਰ ਕਿਸੇ ਨੇ ਇਨਸਾਫ਼ ਦਵਾਉਣ ਵਿਚ ਮਦਦ ਨਹੀਂ ਕੀਤੀ।

ਪੜਤਾਲ ਤੇ ਸਬੂਤ ਇਕੱਠੇ ਕਰਨ 'ਚ ਸਮਾਂ ਲੱਗਦਾ ਹੈ : ਡੀਐੱਸਪੀ

ਡੀਐੱਸਪੀ ਵਰਿੰਦਰਜੀਤ ਸਿੰਘ ਥਿੰਦ ਨੇ ਕਿਹਾ ਕਿ ਪਹਿਲਾਂ ਵਿਸਰਾ ਰਿਪੋਰਟ ਮਿਲਣ ਵਿਚ ਦੇਰੀ ਹੋਈ ਹੈ ਜਿਸ ਤੋਂ ਬਾਅਦ ਰਿਪੋਰਟ ਡੀਏ ਲੀਗਲ ਨੂੰ ਭੇਜੀ ਗਈ ਸੀ। ਪੜਤਾਲ ਪੂਰੀ ਤੇ ਸਬੂਤ ਇਕੱਤਰ ਕਰਨ ਵਿਚ ਸਮਾਂ ਲੱਗ ਜਾਂਦਾ ਹੈ, ਜਿਸ ਕਾਰਨ ਕੇਸ ਦਰਜ ਕਰਨ ਵਿਚ ਵੀ ਦੇਰੀ ਹੋਈ ਹੈ।