* ਉਤਸ਼ਾਹ

-ਨਗਰ ਕੀਰਤਨ ਦਾ ਰੂਟ ਤਿਆਰ, ਸਵਾਗਤੀ ਗੇਟ 'ਤੇ ਹੋਵੇਗਾ ਜੋਸ਼ੋ ਖਰੋਸ਼ ਨਾਲ ਸਵਾਗਤ

ਪੱਤਰ ਪ੍ਰਰੇਰਕ, ਪਟਿਆਲਾ

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਕੌਮਾਂਤਰੀ ਨਗਰ ਕੀਰਤਨ ਦੇ ਸਵਾਗਤ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਅਤੇ ਸ਼ਬਦ ਗੁਰੂ ਯਾਤਰਾ 22 ਅਕਤੂਬਰ ਨੂੰ ਪਟਿਆਲਾ 'ਚ ਪ੍ਰਵੇਸ਼ ਕਰੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਤਿ੍ੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਅਤੇ ਹੈਡਗ੍ੰਥੀ ਭਾਈ ਪ੍ਰਨਾਮ ਸਿੰਘ, ਮੈਨੇਜਰ ਕਰਨੈਲ ਸਿੰਘ ਨਾਭਾ ਨੇ ਤਿਆਰੀਆਂ ਮੁਕੰਮਲ ਹੋਣ ਮੌਕੇ ਸਾਂਝੇ ਤੌਰ 'ਤੇ ਦਿੱਤੀ।

ਜਥੇਦਾਰ ਕਰਤਾਰਪੁਰ ਨੇ ਦੱਸਿਆ ਕਿ ਨਗਰ ਕੀਰਤਨ ਦੇ ਸਵਾਗਤ ਨੂੰ ਲੈ ਕੇ ਸ਼ਹਿਰ ਦੀ ਸੰਗਤ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦਾ ਰੂਟ ਤਿਆਰ ਕਰ ਲਿਆ ਗਿਆ ਹੈ ਅਤੇ ਚਹਿਲ ਪੈਲੇਸ ਨੇੜੇ ਸਵਾਗਤੀ ਗੇਟ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਨਗਰ ਕੀਰਤਨ ਦੇ ਸਵਾਗਤ ਤੇ ਰੂਟ ਬਾਰੇ ਜਾਣਕਾਰੀ ਦਿੰਦਿਆਂ ਹੈਡ ਗ੍ੰਥੀ ਭਾਈ ਪ੍ਰਨਾਮ ਸਿੰਘ ਅਤੇ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਦੱਸਿਆ ਕਿ ਸ਼ਬਦ ਗੁਰੂ ਯਾਤਰਾ 21 ਅਕਤੂਬਰ ਨੂੰ ਦੇਰ ਰਾਤ ਨਾਭਾ ਵਿਖੇ ਪੁੱਜੇਗੀ ਅਤੇ ਡੇਰਾ ਬਾਬਾ ਅਜਾਪਾਲ ਸਿੰਘ ਤੋਂ ਚੱਲਕੇ 22 ਤਰੀਕ ਨੂੰ ਪਟਿਆਲਾ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਥਾਪਰ ਚੌਂਕ ਦੇ ਰਸਤੇ ਪਟਿਆਲਾ ਸ਼ਹਿਰ 'ਚ ਦਾਖਲ ਹੋਵੇਗਾ, ਜੋ 22 ਨੰਬਰ ਫਾਟਕ, ਲੀਲਾ ਭਵਨ ਚੌਂਕ, ਫੁਆਰਾ ਚੌਂਕ, ਰਾਘੋਮਾਜਰਾ ਪੁਲੀ, ਕੜਾਹ ਵਾਲਾ ਚੌਂਕ, ਚਾਂਦਲੀ ਚੌਂਕ, ਅਨਾਰਦਾਨਾ ਚੌਂਕ, ਧਰਮਪੁਰਾ ਬਾਜ਼ਾਰ, ਸ਼ੇਰ ਏ ਪੰਜਾਬ ਮਾਰਕੀਟ, ਲਾਹੌਰੀ ਗੇਟ ਰਾਹੀਂ ਗੁਰਦੁਆਰਾ ਸ੍ਰੀ ਦੁੱਖਨਿਵਾਰਨ ਸਾਹਿਬ ਪਟਿਆਲਾ ਵਿਖੇ ਰਾਤ ਦਾ ਵਿਸ਼ਰਾਮ ਕਰਨ ਤੋਂ ਬਾਅਦ 23 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਤੋਂ ਚੱਲਕੇ ਸਰਹਿੰਦ ਰੋਡ ਰਾਹੀਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਪੁੱਜੇਗਾ। ਹੈਡ ਗ੍ੰਥੀ ਭਾਈ ਪ੍ਰਨਾਮ ਸਿੰਘ ਦੱਸਿਆ ਕਿ 23 ਅਕਤੂਬਰ ਨੂੰ ਸਵੇਰੇ 8 ਤੋਂ 9 ਵਜੇ ਤੱਕ ਦੀਵਾਨ ਹਾਲ 'ਚ ਦੀਵਾਨ ਸੱਜਣਗੇ ਅਤੇ ਸਮਾਪਤੀ ਉਪਰੰਤ ਨਗਰ ਕੀਰਤਨ ਅਗਲੇ ਪੜਾਅ ਵੱਲ ਰਵਾਨਾ ਹੋਵੇਗਾ। ਜਥੇਦਾਰ ਕਰਤਾਰਪੁਰ ਨੇ ਅਪੀਲ ਕੀਤੀ ਹੈ ਕਿ ਨਗਰ ਕੀਰਤਨ ਦੌਰਾਨ ਸੰਗਤ ਵੱਡੀ ਗਿਣਤੀ 'ਚ ਸ਼ਮੂਲੀਅਤ ਕਰੇ। ਇਸ ਮੌਕੇ ਸ਼ਵਿੰਦਰ ਸਿੰਘ ਸੱਭਰਵਾਲ, ਬਲਦੇਵ ਸਿੰਘ ਉਗਰਾ, ਇੰਦਰ ਮੋਹਨ ਸਿੰਘ ਬਜਾਜ ਆਦਿ ਹਾਜ਼ਰ ਸਨ।