ਨਵਦੀਪ ਢੀਂਗਰਾ, ਪਟਿਆਲਾ : ਭੱਜ ਦੌੜ ਦੇ ਦੌਰ ਵਿਚ ਜਿਥੇ ਰਿਸ਼ਤੇ ਤਾਰ-ਤਾਰ ਹੋ ਰਹੇ ਹਨ ਉਥੇ ਹੀ ਪਰਿਵਾਰ ਵੀ ਛੋਟੇ ਹੁੰਦੇ ਜਾ ਰਹੇ ਹਨ। ਲਾਕਡਾਊਨ ਦੇ ਸਮੇਂ ਦੌਰਾਨ ਭਾਵੇਂ ਛੋਟੇ ਪਰਿਵਾਰ ਵਿਚ ਵੀ ਇਕ ਦੂਸਰੇ ਲਈ ਖੁੱਲ੍ਹਾ ਸਮਾਂ ਮਿਲਿਆ ਹੈ ਪਰ ਸਾਂਝੇ ਪਰਿਵਾਰ ਦੀ ਘਾਟ ਵੀ ਜ਼ਰੂਰ ਮਹਿਸੂਸ ਹੁੰਦੀ ਹੈ। ਅੱਜ ਦੇ ਸਮੇਂ ਵਿਚ ਜਿਥੇ ਵੱਡੇ ਪਰਿਵਾਰ ਘੱਟ ਗਿਣਤੀ 'ਚ ਰਹਿ ਗਏ ਹਨ ਉਥੇ ਹੀ ਇਕੱਠਿਆਂ ਹੀ ਰਹਿ ਰਹੀਆਂ ਉੱਭਾ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਵੀ ਲੋਕਾਂ ਨੂੰ ਸਾਂਝੇ ਪਰਿਵਾਰ ਵਿਚ ਰਹਿਣ ਦੀ ਸੇਧ ਦੇ ਰਹੀਆਂ ਹਨ।

ਸ਼ੋ੍ਮਣੀ ਪੰਜਾਬੀ ਲੇਖਕ ਪ੍ਰੋ. ਅੱਛਰੂ ਸਿੰਘ ਦਾ ਸਾਂਝਾ ਪਰਿਵਾਰ ਹੈ ਜਿਸ ਵਿਚ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਤੇ ਸਪੁੱਤਰ ਡਾ. ਧਰਮਿੰਦਰ ਸਿੰਘ ਉੱਭਾ, ਨੂੰਹ ਸਵਰਨਜੀਤ ਕੌਰ, ਪੋਤੀ ਸਿਰਜਨਦੀਪ ਕੌਰ, ਪੋਤਾ ਸੋਹਜਬੀਰ ਸਿੰਘ ਤੇ ਨੂੰਹ ਕੰਵਲਦੀਪ ਕੌਰ ਅਤੇ ਪੜਪੋਤੀ ਇਲਾਹੀ ਕੌਰ ਸ਼ਾਮਲ ਹਨ। ਪ੍ਰੋ. ਅੱਛਰੂ ਸਿੰਘ ਕਹਿੰਦੇ ਹਨ ਕਿ ਸਾਂਝੇ ਪਰਿਵਾਰ ਵਿਚ ਰਹਿ ਕੇ ਪਿਆਰ, ਸੰਸਕਾਰ ਤੇ ਸਤਿਕਾਰ ਦਾ ਪਤਾ ਲੱਗਦਾ ਹੈ।

ਪਹਿਲੇ ਸਮਿਆਂ ਵਿਚ ਵੱਡੇ ਪਰਿਵਾਰਾਂ ਵਾਲੇ ਘਰ ਹੁੰਦੇ ਸਨ ਪਰ ਹੁਣ ਪਰਿਵਾਰ ਛੋਟੇ ਹੁੰਦੇ ਜਾ ਰਹੇ ਹਨ ਤੇ ਘਰਾਂ ਦੀ ਬਜਾਏ ਸਿਰਫ਼ ਮਕਾਨ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਪੁਰਖਿਆਂ ਤੋਂ ਮਿਲੀ ਸਾਂਝੇ ਪਰਿਵਾਰਾਂ ਦੀ ਵਿਰਾਸਤ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਹੈ। ਡਾ. ਧਰਮਿੰਦਰ ਸਿੰਘ ਉੱਭਾ ਕਹਿੰਦੇ ਹਨ ਕਿ ਅੱਜ ਲਾਕਡਾਊਨ ਦੇ ਸਮੇਂ ਵਿਚ ਸਾਨੂੰ ਪਰਿਵਾਰਾਂ ਲਈ ਸਮਾਂ ਮਿਲਿਆ ਹੈ ਤੇ ਇਸਦਾ ਭਰਪੂਰ ਲਾਹਾ ਲੈਣਾ ਚਾਹੀਦਾ ਹੈ। ਕੰਮਕਾਜ ਦੇ ਨਾਲ ਪਰਿਵਾਰ ਨੂੰ ਸਮਝਣ ਲਈ ਉਨ੍ਹਾਂ ਨੂੰ ਸਮਾਂ ਦੇਣ ਦੀ ਵੀ ਲੋੜ ਹੁੰਦੀ ਹੈ।

ਪਰਿਵਾਰ 'ਚ ਹਰ ਮੈਂਬਰ ਦੀ ਆਪਣੀ ਅਹਿਮੀਅਤ : ਡਾ. ਸੰਧੂ

ਪੰਜਾਬੀ ਯੂਨੀਵਰਸਿਟੀ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਦਮਨਜੀਤ ਕੌਰ ਸੰਧੂ ਦੱਸਦੇ ਹਨ ਕਿ ਪਰਿਵਾਰ ਦੇ ਹਰ ਇਕ ਮੈਂਬਰ ਦੀ ਆਪਣੀ ਅਹਿਮੀਅਤ ਹੈ। ਪਰਿਵਾਰ ਭਾਵੇਂ ਵੱਡਾ ਹੋਵੇ ਜਾਂ ਛੋਟਾ ਹਰ ਮੈਂਬਰ ਦਾ ਬਰਾਬਰ ਸਨਮਾਨ ਹੋਣਾ ਚਾਹੀਦਾ ਹੈ। ਬੱਚੇ ਸਭ ਕੁਝ ਆਪਣੇ ਮਾਪਿਆਂ ਤੋਂ ਹੀ ਸਿੱਖਦੇ ਹਨ ਇਸ ਲਈ ਘਰ ਦਾ ਮਾਹੌਲ ਖ਼ੁਸ਼ਨੁਮਾ ਤੇ ਸਹਿਜ ਹੋਣਾ ਲਾਜ਼ਮੀ ਹੈ।