ਨਵਦੀਪ ਢੀਂਗਰਾ, ਪਟਿਆਲਾ : 2019 'ਚ ਖੇੜੀ ਗੰਡਿਆਂ ਵਿਚ ਦੋ ਬੱਚਿਆਂ ਦੀ ਹੋਈ ਮੌਤ ਦੇ ਸੰਗੀਨ ਮਾਮਲੇ ਨੂੰ ਹੱਲ ਕਰਦਿਆਂ ਪੁਲਿਸ ਨੇ ਅੌਰਤ ਤੇ ਉਸ ਦੇ ਪ੍ਰਰੇਮੀ ਨੂੰ ਗਿ੍ਫ਼ਤਾਰ ਕੀਤਾ ਹੈ। ਕਰੀਬ ਡੇਢ ਸਾਲ ਪਹਿਲਾਂ ਬੱਚਿਆਂ ਦੇ ਹੋਏ ਕਤਲ ਬਾਰੇ ਮੁਲਜ਼ਮਾਂ ਦੇ ਹੋਏ ਲਾਈ ਡਿਟੈਕਟਰ ਟੈਸਟ ਤੋਂ ਬਾਅਦ ਖ਼ੁਲਾਸਾ ਹੋਇਆ ਹੈ। ਦਰਅਸਲ, ਬੱਚਿਆਂ ਦੀ ਮਾਂ ਦੇ ਸਬੰਧ ਆਪਣੀ ਪਤੀ ਦੇ ਮਾਸੀ ਦੇ ਪੁੱਤਰ ਨਾਲ ਬਣ ਗਏ ਸਨ ਤੇ ਬੱਚੇ ਰਸਤੇ ਵਿਚ ਅੜਿੱਕਾ ਸਨ। ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਮਾਮਲੇ ਸਬੰਧੀ ਡੀਐੱਸਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਵਿਚ ਇੰਸਪੈਕਟਰ ਕੁਲਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਖੇੜੀ ਗੰਡਿਆਂ ਦੀ ਟੀਮ ਬਣਾਈ ਸੀ। ਜਾਂਚ ਮਗਰੋਂ ਬੀਤੇ ਦਿਨ ਪੁਲਿਸ ਟੀਮ ਨੇ ਬੱਚਿਆਂ ਦੀ ਮਨਜੀਤ ਕੌਰ ਵਾਸੀ ਖੇੜੀ ਗੰਡਿਆਂ ਤੇ ਬੱਚਿਆਂ ਦਾ ਚਾਚਾ ਬਲਜੀਤ ਸਿੰਘ ਪਿੰਡ ਮਹਿਮਾਂ ਨੂੰ ਗਿ੍ਫਤਾਰ ਕੀਤਾ ਹੈ। ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਮਨਜੀਤ ਕੌਰ ਤੇ ਬਲਜੀਤ ਸਿੰਘ ਵਿਚਾਲੇ ਪ੍ਰਰੇਮ ਸਬੰਧ ਸਨ। ਮਨਜੀਤ ਦੇ ਪਤੀ ਦੀਦਾਰ ਸਿੰਘ ਨੂੰ ਬਲਜੀਤ ਨਾਲ ਬੀਵੀ ਦੇ ਸਬੰਧਾਂ ਦਾ ਪਤਾ ਲੱਗਾ ਤਾਂ ਉਸ ਨੇ ਰੋਕਿਆ। ਇਸੇ ਕਾਰਨ ਪਤੀ-ਪਤਨੀ ਵਿਚ ਅਕਸਰ ਝਗੜਾ ਰਹਿੰਦਾ ਸੀ।

ਬੱਚਿਆਂ ਨੂੰ ਨਹਿਰ 'ਚ ਸੁੱਟ ਕੇ ਕੀਤਾ ਸੀ ਕਤਲ

ਪੁਲਿਸ ਮੁਤਾਬਕ ਮਨਜੀਤ ਤੇ ਬਲਜੀਤ ਨੇ ਦੀਦਾਰ ਸਿੰਘ ਨੂੰ ਸਬਕ ਸਿਖਾਉਣ ਦੀ ਸਕੀਮ ਲਾਈ ਸੀ। 22 ਜੁਲਾਈ 2019 ਨੂੰ ਮਨਜੀਤ ਨੇ ਦੋਵਾਂ ਬੱਚਿਆਂ ਨੂੰ ਕਰੀਬ 8.30 ਵਜੇ ਰਾਤ ਨੂੰ ਕੋਲਡਡਿ੍ੰਕ ਮੰਗਵਾਉਣ ਦਾ ਬਹਾਨਾ ਲਾ ਕੇ ਪਿੰਡ ਖੇੜੀ ਗੰਡਿਆਂ ਦੇ ਗੁਰਦੁਆਰੇ ਲਾਗੇ ਭੇਜ ਦਿੱਤਾ ਤੇ ਕਿਹਾ ਕਿ ਉਥੇ ਚਾਚਾ ਬਲਜੀਤ ਇੰਤਜ਼ਾਰ ਕਰ ਰਿਹਾ ਹੈ, ਉਹਦੇ ਨਾਲ ਚਲੇ ਜਾਓ ਉਹ ਕੋਲਡਿ੍ੰਕ ਲੈ ਦੇਵੇਗਾ। ਬਲਜੀਤ ਦੋਵਾਂ ਬੱਚਿਆਂ ਨੂੰ ਗੁਰਦੁਆਰੇ ਲਾਗਿਓਂ ਸਕੂਟਰ 'ਤੇ ਬਿਠਾ ਕੇ ਭਾਖੜਾ ਨਹਿਰ 'ਤੇ ਲੈ ਗਿਆ, ਜਿੱਥੇ ਉਸ ਨੇ ਬੱਚਿਆਂ ਨੂੰ ਨਹਿਰ ਦਿਖਾਉਣ ਦੇ ਬਹਾਨੇ ਪਟਰੀ ਉੱਪਰ ਖੜ੍ਹਾ ਕਰ ਲਿਆ ਤੇ ਫੇਰ ਧੱਕਾ ਦੇ ਦਿੱਤਾ ਸੀ।

ਬੱਚਿਆਂ ਦੇ ਅਗਵਾ ਹੋਣ ਬਾਰੇ ਫੈਲਾਈ ਅਫਵਾਹ

ਪੁਲਿਸ ਮੁਤਾਬਕ ਕਤਲ ਤੋਂ ਬਾਅਦ ਬੱਚਿਆਂ ਦੀ ਮਾਂ ਮਨਜੀਤ ਕੌਰ ਨੇ ਅਫਵਾ ਫੈਲਾ ਦਿੱਤੀ ਸੀ ਕਿ ਅੌਲਾਦ ਨੂੰ ਕੋਈ ਅਗਵਾ ਕਰ ਕੇ ਲੈ ਗਿਆ ਹੈ। ਪਿਤਾ ਦੀਦਾਰ ਸਿੰਘ ਨੇ ਜਸ਼ਨਦੀਪ ਸਿੰਘ ਉਮਰ 10 ਸਾਲ ਤੇ ਹਰਦੀਪ ਸਿੰਘ ਉਮਰ 4 ਸਾਲ ਦੇ ਅਗਵਾ ਹੋਣ ਸਬੰਧੀ ਸ਼ਿਕਾਇਤ 23 ਜੁਲਾਈ 2019 ਨੂੁੰ ਦਰਜ ਕਰਵਾਈ ਸੀ। ਕੁਝ ਦਿਨ ਬਾਅਦ ਬੱਚਿਆਂ ਦੀ ਲਾਸ਼ ਨਹਿਰ ਵਿੱਚੋਂ ਮਿਲਣ 'ਤੇ ਧਾਰਾ ਵਿਚ ਵਾਧਾ ਕਰ ਕੇ ਜਾਂਚ ਕੀਤੀ ਜਾ ਰਹੀ ਸੀ।

Posted By: Susheel Khanna