ਹਰਿੰਦਰ ਸ਼ਾਰਦਾ, ਪਟਿਆਲਾ

ਪਟਿਆਲਾ-ਸਨੌਰ ਰੋਡ 'ਤੇ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਸਕੂਟਰੀ ਸਵਾਰ ਦੀ 12 ਦਿਨਾਂ ਬਾਅਦ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਮਿ੍ਤਕ ਦੀ ਪਛਾਣ ਸੋਨੂੰ ਕੁਮਾਰ (20) ਵਾਸੀ ਸਨੌਰ ਦੇ ਤੌਰ 'ਤੇ ਹੋਈ ਹੈ। ਇਸ ਮੌਕੇ ਪਰਿਵਾਰਕ ਜੀਆਂ ਨੇ ਸੜਕ ਹਾਦਸੇ ਵਿਚ ਜਖ਼ਮੀ ਕਰਨ ਵਾਲੇ ਵਿਅਕਤੀ ਖਿਲਾਫ਼ ਕਾਰਵਾਈ ਨਾ ਹੋਣ ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੀ ਇਤਲਾਹ ਮਿਲਦਿਆਂ ਹੀ ਮੌਕੇ ਪੁੱਜੀ ਥਾਣਾ ਸਨੌਰ ਪੁਲਿਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾ ਦਿੱਤਾ। ਇਸ ਮਗਰੋਂ ਪੁਲਿਸ ਨੇ ਦੇਹ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ।

ਮਿ੍ਤਕ ਦੇ ਪਿਤਾ ਮੁੱਖਾ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿਚ ਸਭ ਤੋਂ ਛੋਟਾ ਸੋਨੂੰ ਹੀ ਸੀ ਜਿਹੜਾ ਗਊਸ਼ਾਲਾ ਰੋਡ ਸਥਿਤ ਦੁਕਾਨ 'ਤੇ ਕੰਮ ਕਰਦਾ ਸੀ। 8 ਅਕਤੂਬਰ ਦੀ ਸਵੇਰ ਸਾਢੇ 4 ਵਜੇ ਨਰਾਤਿਆਂ ਤੇ ਕਾਲੀ ਮਾਤਾ ਮੰਦਰ ਵਿਖੇ ਆਪਣੇ ਦੋਸਤਾਂ ਨਾਲ ਮੱਥਾ ਟੇਕਣ ਲਈ ਗਿਆ ਸੀ। ਇਸ ਦੌਰਾਨ ਕਾਰ ਪਟਿਆਲਾ ਤੋਂ ਸਨੌਰ ਵੱਲ ਆ ਰਹੀ ਸੀ, ਉਸ ਨੇ ਗਲਤ ਪਾਸਿਓਂ ਆ ਕੇ ਸੋਨੂੰ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਟੱਕਰ ਦੌਰਾਨ ਸੋਨੂੰ ਦੇ ਸਰੀਰ ਦਾ ਅੱਧਾ ਹਿੱਸਾ ਬੁਰੀ ਤਰ੍ਹਾਂ ਕੁਚਲਿਆ ਗਿਆ ਤੇ ਉਹ ਕਾਰ ਚਾਲਕ ਉਥੋਂ ਫ਼ਰਾਰ ਹੋ ਗਿਆ। ਜਿਸ ਦੀ ਕਾਰ ਦਾ ਕੁਝ ਦੂਰੀ 'ਤੇ ਜਾ ਕੇ ਟਾਇਰ ਪੈਂਚਰ ਹੋ ਗਿਆ। ਜਿਸ ਕਾਰਨ ਉਕਤ ਵਿਅਕਤੀ ਆਪਣੇ ਜਾਣ ਪਛਾਣ ਵਾਲੇ ਦੇ ਘਰ ਕਾਰ ਖੜ੍ਹੀ ਕਰਕੇ ਉਥੋਂ ਫ਼ਰਾਰ ਗਿਆ। ਇਸੇ ਦੌਰਾਨ ਸੋਨੂੰ ਦੇ ਦੋਸਤ ਕਾਰ ਦਾ ਪਿੱਛਾ ਕਰ ਰਹੇ ਸਨ, ਜਿਨ੍ਹਾਂ ਨੇ ਕਾਰ ਦਾ ਪਤਾ ਲਗਾ ਲਿਆ ਤੇ ਸਨੌਰ ਥਾਣੇ ਵਿਚ ਸ਼ਿਕਾਇਤ ਦੇ ਦਿੱਤੀ। ਜ਼ਖ਼ਮੀ ਹਾਲਤ ਵਿਚ ਸੋਨੂੰ ਨੂੰ ਪਹਿਲਾਂ ਸਰਕਾਰੀ ਰਜਿੰਦਰਾ ਹਸਪਤਾਲ ਵਿਖੇੇ ਦਾਖ਼ਲ ਕਰਵਾਇਆ ਗਿਆ ਸੀ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਸੀ। ਅੱਧਾ ਹਿੱਸਾ ਕੁਚਲਿਆ ਜਾਣ ਕਾਰਨ ਸੋਨੂੰ ਦਾ ਆਪ੍ਰਰੇਸ਼ਨ ਕਰਾਉਣਾ ਪਿਆ ਸੀ ਪਰ ਉਸ ਨੇ ਜ਼ੇਰੇ ਇਲਾਜ਼ ਦਮ ਤੋੜ ਦਿੱਤਾ।

ਡੱਬੀ

ਕਾਰ ਚਾਲਕ ਖਿਲਾਫ਼ ਮਾਮਲਾ ਕੀਤਾ ਦਰਜ : ਏਐੱਸਆਈ

ਮਾਮਲੇ ਸਬੰਧੀ ਥਾਣਾ ਸਨੌਰ ਏਐਸਆਈ ਜਸਮੇਲ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੇ ਪਰਿਵਾਰਕ ਮੈਂਬਰਾਂ ਵਿਚਕਾਰ ਸਮਝੌਤੇ ਲਈ ਗੱਲਬਾਤ ਚੱਲ ਰਹੀ ਸੀ। ਇਸ ਲਈ ਸੋਨੂੰ ਦਾ ਇਲਾਜ ਵੀ ਕਾਰ ਚਾਲਕ ਵਲੋਂ ਕਰਵਾਇਆ ਜਾ ਰਿਹਾ ਸੀ ਪਰ ਐਤਵਾਰ ਨੂੰ ਦੋਵਾਂ ਧਿਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਮਾਮਲਾ ਵਿਗੜ ਗਿਆ ਤੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਨਿਸ਼ਾਨ ਸਿੰਘ ਵਾਸੀ ਪਾਤੜਾਂ ਦੇ ਖਿਲਾਫ਼ ਲਾਪਰਵਾਹੀ ਨਾਲ ਕਾਰ ਚਲਾਉਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।