ਪੱਤਰ ਪ੍ਰੇਰਕ, ਪਟਿਆਲਾ : ਬੇਲਾਰੂਸ ਦੇ ਨੈਸ਼ਨਲ ਰਨਿੰਗ ਕੋਚ ਨਿਕੋਲਾਈ ਸਨੇਸਾਰੇਵ ਦੀ ਸ਼ੁੱਕਰਵਾਰ ਨੂੰ ਪਟਿਆਲਾ ਦੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨਆਈਐਸ) ਦੇ ਸਿਖ਼ਲਾਈ ਵਾਰਡ ਦੇ ਆਪਣੇ ਕਮਰੇ ’ਚ ਲਾਸ਼ ਮਿਲੀ ਹੈ। 72 ਸਾਲਾ ਨਿਕੋਲਾਈ ਦੀ ਲਾਸ਼ ਉਨ੍ਹਾਂ ਦੇ ਬੈਡ ਤੋਂ ਮਿਲੀ ਹੈ।

ਉਹ ਕੁੱਝ ਸਮਾਂ ਪਹਿਲਾਂ ਹੀ ਟੋਕੀਓ ਓਲੰਪਿਕ ਲਈ ਭਾਰਤੀ ਸਟੀਪਲ ਚੇਜ਼ ਰਨਰ ਅਵਿਨਾਸ਼ ਸਿਬਲ ਨੂੰ ਸਿਖ਼ਲਾਈ ਦੇਣ ਲਈ ਸਹਿਮਤ ਹੋਏ ਸਨ। ਨਿਕੋਲਾਈ ਇਥੇ ਇੰਡੀਅਨ ਗ੍ਰਾਂਪਿ-3 ਲਈ ਐਨਆਈਐਸ ਵਿਚ ਆਏ ਸੀ। ਸ਼ੁੱਕਰਵਾਰ ਨੂੰ ਜਦੋਂ ਉਹ ਅਵਿਨਾਸ਼ ਸਿਬਲ ਦੇ ਇਵੇਂਟ ’ਚ ਨਹੀਂ ਪੁੱਜੇ ਤਾਂ ਸਭ ਨੂੰ ਚਿੰਤਾ ਹੋਣ ਲੱਗੀ। ਜਦੋਂ ਉਨ੍ਹਾਂ ਨੇ ਜਾ ਕੇ ਨਿਕੋਲਾਈ ਦੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਉਹ ਮਿ੍ਰਤਕ ਹਾਲਤ ’ਚ ਬੈਡ ਤੇ ਪਏ ਹੋਏ ਸਨ ਜਿੰਨਾ ਨੇ ਆਪਣੇ ਪੈਰਾਂ ’ਚ ਬੂਟ ਵੀ ਪਾਏ ਹੋਏ ਸਨ।

ਇਸ ਉਪਰੰਤ ਪੁੱਜੇ ਭਾਰਤੀ ਖੇਡਾਂ ਦੇ ਮਹਿਰ ਡਾਕਟਰਾਂ ਵਲੋਂ ਉਨ੍ਹਾਂ ਨੂੰ ਜਾਂਚ ਤੋਂ ਬਾਅਦ ਮਿ੍ਰਤਕ ਐਲਾਨ ਦਿੱਤਾ। ਇਸ ਦੀ ਪੁਸ਼ਟੀ ਕਰਦਿਆਂ ਅਫ਼ਸਰ ਕਲੋਨੀ, ਪਟਿਆਲਾ ਦੇ ਇੰਚਾਰਜ ਐਸਆਈ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਨਿਕੋਲਾਈ ਸੈਰ ਤੋਂ ਬਾਅਦ ਸ਼ਾਮ ਨੂੰ ਕਮਰੇ ਵਿਚ ਗਏ ਸਨ। ਜਿਥੇ ਉਨ੍ਹਾਂ ਦੀ ਮੌਤ ਹੋਈ ਹੈ। ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਫ਼ਿਲਹਾਲ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਮੋਰਚਰੀ ਵਿਚ ਰੱਖਵਾ ਦਿੱਤਾ ਹੈ।

ਐਥਲੈਟਿਕਸ ਫ਼ੈਡਰੇਸ਼ਨ ਆਫ਼ ਇੰਡੀਆ ਨੇ ਕੀਤਾ ਸ਼ੋਕ ਪ੍ਰਗਟ

ਐਥਲੈਟਿਕਸ ਫ਼ੈਡਰੇਸ਼ਨ ਆਫ਼ ਇੰਡੀਆ ਨੇ ਉਨ੍ਹਾਂ ਦੀ ਬੇਵਕਤੀ ਮੌਤ ’ਤੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ। ਏਐਫ਼ਆਈ ਦੇ ਪ੍ਰਧਾਨ ਏਡੀਲੇ ਜੇ ਸੁਮਾਰੀਵਾਲਾ ਨੇ ਕਿਹਾ ਕਿ ਇਸ ਖਬਰ ਨਾਲ ਉਹ ਗਹਿਰੇ ਸਦਮੇ ਵਿਚ ਹਨ। ਉਹ ਆਪਣੇ ਭਾਰਤੀ ਐਥਲੈਟਿਕਸ ਦੇ ਨਾਲ ਲੰਬੇ ਜੁੜਣ ਤੇ ਸ਼ਲਾਘਾਯੋਗ ਕਾਰਜ਼ ਲਈ ਹਮੇਸ਼ਾ ਯਾਦ ਕੀਤੇ ਜਾਣਗੇ।

Posted By: Tejinder Thind