ਮਹਿੰਦਰਪਾਲ ਬੱਬੀ, ਭਾਦਸੋਂ : ਪਿੰਡ ਮਾਂਗੇਵਾਲ ਵਿਖੇ ਰਹਿਣ ਵਾਲੇ ਵਿਅਕਤੀ ਦਾ ਕਤਲ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਰਾਜ ਮਿਸਤਰੀ ਬਲਵਿੰਦਰ ਸਿੰਘ ਵਜੋਂ ਹੋਈ ਹੈ। ਜਿਸ ਦੀ ਲਾਸ਼ ਖੂਨ ਨਾਲ ਲਿਬੜੀ ਹੋਈ ਖੇਤਾਂ ਵਿੱਚ ਮੋਟਰ ਦੇ ਕੋਠੇ ਦੇ ਪਿਛਲੇ ਪਾਸੋਂ ਮਿਲੀ ਹੈ। ਸੂਚਨਾ ਮਿਲਦਿਅਾਂ ਹੀ ਥਾਣਾ ਭਾਦਸੋਂ ਦੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪਿੰਡ ਮਾਂਗੇਵਾਲ ਵਾਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਆਪਣੇ ਖੇਤਾਂ ਵਿੱਚੋਂ ਡੰਗਰ ਲੈ ਕੇ ਅਾ ਰਿਹਾ ਸੀ। ਜਦੋਂ ਮੋਟਰ ਦੇ ਕੋਠੇ ਦੇ ਪਿਛਲੇ ਪਾਸੇ ਗਿਆ ਤਾਂ ਉੱਥੇ ਇਕ ਵਿਅਕਤੀ ਦੀ ਲਾਸ਼ ਪਈ ਮਿਲੀ। ਲਾਸ਼ ਦੇਖਦਿਆਂ ਹੀ ਕੁਲਵੰਤ ਸਿੰਘ ਦੇ ਹੱਥ ਪੈਰ ਫੁੱਲ ਗਏ ਅਤੇ ਪਿੰਡ ਜਾ ਕੇ ਇਸ ਸਬੰਧੀ ਸੂਚਨਾ ਦਿੱਤੀ। ਮੌਕੇ ਤੇ ਪਹੁੰਚੇ ਐਸਐਚਓ ਜੀਐੱਸ ਬਰਾੜ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਰਾਜ ਮਿਸਤਰੀ ਵਜੋਂ ਹੋਈ ਹੈ। ਜੋ ਨੇੜਲੇ ਪਿੰਡ ਮਿਸਤਰੀ ਦਾ ਕੰਮ ਕਰਨ ਲੱਗਿਆ ਹੋਇਆ ਸੀ ਪਰ ਬੀਤੇ ਦਿਨ ਤੋਂ ਬਲਵਿੰਦਰ ਸਿੰਘ ਘਰ ਨਹੀਂ ਪਰਤਿਆ ਜਿਸ ਦੀ ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਸੀ।

ਅੱਜ ਸਵੇਰੇ ਬਲਵਿੰਦਰ ਸਿੰਘ ਦੀ ਲਾਸ਼ ਖੇਤਾਂ ਵਿੱਚ ਪਈ ਮਿਲੀ ਹੈ ਜਿਸ ਦੇ ਚਿਹਰੇ ਉੱਤੇ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਸਨ ਜਿਸ ਤੋਂ ਅਨੁਮਾਨ ਲਗਾਇਆ ਜਾ ਰਿਹੈ ਕਿ ਇਸ ਦਾ ਕਤਲ ਕੀਤਾ ਗਿਆ ਹੈ। ਐਸਐਚਓ ਬਰਾੜ ਨੇ ਦੱਸਿਆ ਕਿ ਫੋਰੈਂਸਿਕ ਅਤੇ ਪੁਲਿਸ ਟੀਮ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।