ਹਰਜੀਤ ਸਿੰਘ ਨਿੱਝਰ, ਬਹਾਦਰਗੜ੍ਹ : ਪਟਿਆਲਾ- ਰਾਜਪੁਰਾ ਰੋਡ 'ਤੇ ਬਹਾਦਰਗੜ੍ਹ ਦੇ ਫਲਾਈ ਓਵਰ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਦੇ ਗੇਟ ਤੋਂ ਲੈ ਕੇ ਐਸਕੋਰਟਸ ਫੈਕਟਰੀ ਦੇ ਗੇਟ ਤੱਕ ਲਗਦੀ ਸਰਵਿਸ ਰੋਡ ਜੋ ਕਿ ਬਹੁਤ ਹੀ ਬੁਰੀ ਹਾਲਤ 'ਚ ਸੀ, ਸਬੰਧੀ 'ਪੰਜਾਬੀ ਜਾਗਰਣ' ਵੱਲੋਂ ਲਗਾਈ ਗਈ ਖਬਰ ਤੋਂ ਬਾਅਦ ਐੱਨਐੱਚਏਆਈ ਦੀ ਅੱਖ ਖੁੱਲ੍ਹ ਗਈ ਹੈ। ਖ਼ਬਰ ਲੱਗਣ ਤੋਂ ਬਾਅਦ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਜੇਸੀਬੀ ਮਸ਼ੀਨ ਨਾਲ ਸੜਕ ਦੇ ਖਰਾਬ ਟੋਟਿਆਂ ਦੀ ਉੱਪਰਲੀ ਤਹਿ ਨੂੰ ਪੁੱਟ ਕੇ ਹੇਠਲੀ ਤਹਿ ਤੱਕ ਪੂਰੀ ਤਰਾਂ ਸਾਫ ਕਰ ਦਿੱਤਾ ਗਿਆ ਹੈ ਤਾਂ ਕਿ ਟਿਕਾਊ ਪੈਚ ਵਰਕ ਕੀਤਾ ਜਾ ਸਕੇ। ਇੱਥੇ ਪਹਿਲਾਂ ਵੀ ਪੈਚ ਵਰਕ ਕੀਤਾ ਜਾਂਦਾ ਰਿਹਾ ਹੈ ਪਰ ਉਹ ਕੁਝ ਸਮੇਂ ਬਾਅਦ ਹੀ ਉਖੜ ਜਾਂਦਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਸੜਕ ਬਹੁਤ ਬੁਰੀ ਤਰ੍ਹਾਂ ਟੁੱਟ ਕੇ ਥਾਂ -ਥਾਂ ਤਰੇੜਾਂ ਪੈ ਗਈਆਂ ਹਨ ਤੇ ਸੜਕ 'ਚੋਂ ਬਜਰੀ ਤੱਕ ਨਿੱਕਲ ਗਈ ਹੈ , ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇੱਥੋਂ ਥੋੜੀ ਹੀ ਦੂਰੀ 'ਤੇ ਟੋਲ ਪਲਾਜਾ ਹੈ , ਜਿੱਥੋਂ ਐੱਨਐੱਚਏਆਈ ਨੂੰ ਲੱਖਾਂ ਰੁਪਏ ਟੋਲ ਦੀ ਕਮਾਈ ਹੈ। ਸੜਕ ਦੀ ਹਾਲਤ ਨੂੰ ਸੁਧਾਰਨ ਲਈ ਇਲਾਕਾ ਵਾਸੀਆਂ ਨੇ 'ਪੰਜਾਬੀ ਜਾਗਰਣ' ਰਾਹੀਂ ਆਵਾਜ਼ ਬੁਲੰਦ ਕੀਤੀ ਸੀ , ਜਿਸ ਤੋਂ ਬਾਅਦ ਅੱੈਨਐੱਚਏਆਈ ਵੱਲੋਂ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਲਾਕਾ ਵਾਸੀਆਂ ਵੱਲੋਂ ਖ਼ਰਾਬ ਸੜਕ ਕਾਰਨ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆ ਦੇ ਮੱਦੇਨਜ਼ਰ ਖ਼ਬਰ ਲਗਾਉਣ ਲਈ 'ਪੰਜਾਬੀ ਜਾਗਰਣ' ਦਾ ਧੰਨਵਾਦ ਕੀਤਾ ਗਿਆ ਹੈ।