ਨਵਦੀਪ ਢੀਂਗਰਾ, ਪਟਿਆਲਾ : ਬਿਜਲੀ ਮਨੁੱਖੀ ਜ਼ਿੰਦਗੀ ਦੀ ਅਹਿਮ ਲੋੜ ਬਣ ਚੁੱਕੀ ਹੈ। ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬਿਜਲੀ ਸਪਲਾਈ 'ਚ ਤਕਨੀਕੀ ਨੁਕਸ ਤੋਂ ਨਿਜ਼ਾਤ ਦਿਵਾਉਣ ਲਈ ਜਿਥੇ ਸ਼ਿਕਾਇਤ ਨੰਬਰ ਤੇ ਮੋਬਾਈਲ ਫੋਨ ਐਪਲੀਕੇਸ਼ਨਜ਼ ਤਿਆਰ ਕੀਤੀਆਂ ਗਈਆਂ ਹਨ, ਉਥੇ ਹੀ ਹੁਣ ਖਪਤਕਾਰਾਂ ਨਾਲ ਸਿੱਧੇ 'ਤਾਰ' ਜੋੜਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਹੈ।

ਪਾਵਰਕਾਮ ਵੱਲੋਂ ਹਰ ਸਬ-ਡਵੀਜਨ, ਸਰਕਲ ਤੇ ਜ਼ੋਨ ਪੱਧਰ 'ਤੇ ਵ੍ਹਟਸਐਪ ਗਰੁੱਪ ਬਣਾ ਕੇ ਸੂਚਨਾਵਾਂ ਸਾਂਝੀਆਂ ਕਰਨ ਦੇ ਨਾਲ ਸ਼ਿਕਾਇਤਾਂ ਦਾ ਨਿਵਾਰਣ ਵੀ ਤੁਰੰਤ ਕੀਤਾ ਜਾ ਰਿਹਾ ਹੈ। ਐਨਾ ਹੀ ਨਹੀਂ ਇਨ੍ਹਾਂ ਵ੍ਹਾਟਸਐਪ ਗਰੁੱਪਾਂ 'ਚ ਆਉਣ ਵਾਲੇ ਸੁਝਾਵਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਇਸੇ ਦਿਸ਼ਾ ਵੀ ਕੰਮ ਵੀ ਕੀਤਾ ਜਾਂਦਾ ਹੈ। ਪੰਜਾਬ ਰਾਜ ਬਿਜਲੀ ਨਿਗਮ ਤੇ ਟ੍ਰਾਸਕੋ ਦੇ ਉਚ ਅਧਿਕਾਰੀਆਂ ਤੋਂ ਲੈ ਕੇ ਸਬ ਡਵੀਜ਼ਨ ਪੱਧਰ 'ਤੇ ਅਧਿਕਾਰੀਆਂ ਵੱਲੋਂ ਬਣਾਏ ਵ੍ਹਾਟਸਐਪ ਗਰੁੱਪਾਂ 'ਚ ਸਬੰਧਤ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਵੱਖ-ਵੱਖ ਐਸੋਸੀਏਸ਼ਨਾਂ ਦੇ ਮੈਂਬਰ, ਉਦਯੋਗਪਤੀ ਸਮੇਤ ਹੋਰ 200 ਤੋਂ ਵੱਧ ਖਪਤਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਗਰੁੱਪਾਂ 'ਚ ਸ਼ਾਮਲ ਮੈਂਬਰ ਆਪਣੇ ਇਲਾਕੇ 'ਚ ਬਿਜਲੀ ਸਬੰਧੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਗਰੁੱਪਾਂ 'ਚ ਸ਼ਿਕਾਇਤ ਵੀ ਕਰਦੇ ਹਨ ਤੇ ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਬਿਜਲੀ ਠੀਕ ਹੋਣ ਉਪਰੰਤ ਗਰੁੱਪ 'ਚ ਹੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਡਾਇਰੈਕਟਰ ਵੰਡ ਇੰਜੀਨੀਅਰ ਡੀਪੀਐੱਸ ਗਰੇਵਾਲ ਦੇ ਨਿਰਦੇਸ਼ਾਂ 'ਤੇ ਪੰਜਾਬ ਦੇ ਕਈ ਜ਼ੋਨਾਂ ਤੇ ਸਰਕਲਾਂ 'ਚ ਇਹ ਗਰੁੱਪ ਚੱਲ ਰਹੇ ਹਨ। ਇਸੇ ਤਰ੍ਹਾਂ ਪਟਿਆਲਾ 'ਚ ਦੋ ਗਰੁੱਪ ਅੰਡਰ ਸੈਕਟਰੀ ਆÂਪੀਆਰਓ ਮਨਮੋਹਨ ਸਿੰਘ ਵੱਲੋਂ ਵੀ ਬਣਾਏ ਗਏ ਹਨ।


ਲੋਕਾਂ ਤਕ ਪਹੁੰਚ ਬਣਾਉਣ ਲਈ ਸੋਸ਼ਲ ਮੀਡੀਆ ਅਹਿਮ ਜ਼ਰੀਆ : ਏ ਵੇਨੂੰ ਪ੍ਰਸਾਦ

ਮਾਰਚ 2017 'ਚ ਆਈਏਐੱਸ ਏ ਵੇਨੂੰ ਪ੍ਰਸਾਦ ਨੇ ਪਾਵਰਕਾਮ ਦੇ ਸੀਐੱਮਡੀ ਵਜੋਂ ਆਹੁਦਾ ਸੰਭਾਲਿਆ ਸੀ। ਉਸ ਸਮੇਂ ਦਿੱਤੇ ਨਿਰਦੇਸ਼ਾਂ ਤਹਿਤ ਪਾਵਰਕਾਮ ਦੇ ਸਮੂਹ ਅਧਿਕਾਰੀਆਂ ਵੱਲੋਂ ਵ੍ਹਾਟਸਐਪ ਗਰੁੱਪ ਬਣਾ ਕੇ ਲੋਕਾਂ ਤਕ ਪਹੁੰਚ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਸੀਐੱਮਡੀ ਏ. ਵੇਨੂੰ ਪ੍ਰਸਾਦ ਦਾ ਕਹਿਣਾ ਹੈ ਕਿ ਲੋਕਾਂ ਤਕ ਪਹੁੰਚ ਬਣਾਉਣ ਲਈ ਸੋਸ਼ਲ ਮੀਡੀਆ ਸਭ ਤੋਂ ਅਹਿਮ ਜ਼ਰੀਆ ਹੈ। ਪਾਵਰਕਾਮ ਵੱਲੋਂ ਵੀ ਵ੍ਹਾਟਸਐਪ ਗਰੁੱਪ ਰਾਹੀਂ ਖਪਤਕਾਰਾਂ ਨਾਲ ਸਿੱਧਾ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ।


ਝੋਨੇ ਦੇ ਸੀਜਨ 'ਚ ਹੋਇਆ ਸਭ ਤੋਂ ਵੱਧ ਲਾਭ : ਡਿਪਟੀ ਚੀਫ ਇੰਜ. ਖਾਂਬਾ

ਡਿਪਟੀ ਚੀਫ ਇੰਜੀਨੀਅਰ ਹੁਸ਼ਿਆਰਪੁਰ ਪੀਐੱਸ ਖਾਂਬਾ ਦਾ ਕਹਿਣਾ ਹੈ ਕਿ ਉਨ੍ਹਾਂ ਅਧੀਨ 6 ਸਰਕਲ ਹਨ ਤੇ ਹਰੇਕ ਸਰਕਲ ਦੇ ਖਪਤਕਾਰਾਂ ਦੇ ਮੈਂਬਰਾਂ ਵਾਲਾ ਵ੍ਹਾਟਸਐਪ ਗਰੁੱਪ ਬਣਾਇਆ ਗਿਆ ਹੈ। ਇਸ ਦਾ ਸਭ ਤੋਂ ਵੱਧ ਲਾਭ ਝੋਨੇ ਦੇ ਸੀਜ਼ਨ ਦੌਰਾਨ ਹੋਇਆ ਹੈ। ਕਿਸੇ ਵੀ ਇਲਾਕੇ 'ਚ ਬਿਜਲੀ ਬੰਦ ਹੋਣ ਜਾਂ ਸ਼ੁਰੂ ਹੋਣ ਸਬੰਧੀ ਜਿਥੇ ਅਧਿਕਾਰੀਆਂ ਵੱਲੋਂ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ, ਉਥੇ ਹੀ ਕਿਸੇ ਵੀ ਕਾਰਨ ਬਿਜਲੀ ਸਪਲਾਈ ਬੰਦ ਹੋਣ 'ਤੇ ਖਪਤਕਾਰਾਂ ਵੱਲੋਂ ਵੀ ਸੂਚਨਾ ਦਿੱਤੀ ਜਾਂਦੀ ਰਹੀ ਹੈ, ਜਿਸ 'ਤੇ ਸਬੰਧਤ ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੱਲ ਕੀਤਾ ਗਿਆ ਹੈ।


ਲੋਕਹਿੱਤ ਲਈ ਕਾਰਗਰ : ਡਿਪਟੀ ਚੀਫ ਇੰਜ. ਅੰਮ੍ਰਿਤਸਰ

ਡਿਪਟੀ ਚੀਫ ਇੰਜ. ਅੰਮ੍ਰਿਤਸਰ ਬਾਲ ਕ੍ਰਿਸ਼ਨ ਕਹਿੰਦੇ ਹਨ ਕਿ ਵ੍ਹਟਸਐਪ ਗਰੁੱਪ ਲੋਕਹਿੱਤ ਲਈ ਹੀ ਬਣਾਏ ਗਏ ਹਨ। ਜਿਨ੍ਹਾਂ ਰਾਹੀਂ ਖਪਤਕਾਰਾਂ ਤੇ ਪਾਵਰਕਾਮ ਦੋਵਾਂ ਵੱਲੋਂ ਆਪਣੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਕਈ ਦੂਰ-ਦੁਰਾਡੇ ਵਾਲੇ ਇਲਾਕਿਆਂ 'ਚ ਖੰਭੇ ਟੁੱਟਣ ਜਾਂ ਦਰਖਤ ਟੁੱਟਣ ਕਾਰਨ ਬਿਜਲੀ ਪ੍ਰਭਾਵਿਤ ਹੋਣ ਸਬੰਧੀ ਸੂਚਨਾਵਾਂ ਵੀ ਗਰੁੱਪ ਦੇ ਮੈਂਬਰਾਂ ਵੱਲੋਂ ਆਪ-ਮੁਹਾਰੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਤੇ ਕੁਝ ਸਮੇਂ 'ਚ ਮੁਸ਼ਕਿਲਾਂ ਦਾ ਹੱਲ ਕਰ ਦਿੱਤਾ ਜਾਂਦਾ ਹੈ।

Posted By: Jagjit Singh