ਨਵਦੀਪ ਢੀਂਗਰਾ, ਪਟਿਆਲਾ : ਆਈਏਐਸ ਮਨਜੀਤ ਸਿੰਘ ਨਾਰੰਗ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦਾ ਆਨਰੇਰੀ ਸਲਾਹਕਾਰ ਨਿਯੁਕਤ ਕਰ ਦਿੱਤਾ ਹੈ। ਰਜਿਸਟਰਾਰ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਆਈਏਐਸ ਮਨਜੀਤ ਸਿੰਘ ਨਾਰੰਗ ਨੂੰ ਅਗਲੇ ਹੁਕਮਾਂ ਤਕ ਵਾਇਸ ਚਾਂਸਲਰ ਦੇ ਆਨਰੇਰੀ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਆਈਏਐਸ ਨਾਰੰਗ ਦੀਆਂ ਸੇਵਾ ਸ਼ਰਤਾਂ ਆਦਿ ਦਾ ਫੈਸਲਾ ਵੱਖਰੇ ਤੌਰ 'ਤੇ ਕੀਤਾ ਜਾਵੇਗਾ। ਜਾਣਕਾਰਾਂ ਅਨੁਸਾਰ ਯੂਨੀਵਰਸਿਟੀ ਵਿਚ ਓਐਸਡੀ ਦੇ ਆਹੁਦੇ 'ਤੇ ਤਾਂ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਜਾ ਚੁੱਕਿਆ ਹੈ ਪਰ ਪਿਛਲੇ 20 ਸਾਲਾਂ ਵਿਚ ਵੀਸੀ ਦਾ ਆਨਰੇਰੀ ਸਲਾਹਕਾਰ ਲਗਾਉਣ ਦਾ ਮਸਲਾ ਪਹਿਲੀ ਵਾਰ ਸਾਹਮਣੇ ਆਇਆ ਹੈ। ਆਈਏਐਸ ਅਧਿਕਾਰੀ ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਆਨਰੇਰੀ ਸਲਾਹਕਾਰ ਸਬੰਧੀ ਪੱਤਰ ਉਨਾਂ ਨੂੰ ਵ੍ਹਟਸਐਪ ਰਾਹੀਂ ਮਿਲਿਆ ਹੈ ਤੇ ਉਹ ਵਰਸਿਟੀ ਲਈ ਨਿਸ਼ਕਾਮ ਸੇਵਾ ਕਰਨ ਲਈ ਤਿਆਰ ਹਨ।

ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ 'ਚ ਆਈਏਐਸ (ਸੇਵਾ ਮੁਕਤ) ਅਧਿਕਾਰੀ ਮਨਜੀਤ ਸਿੰਘ ਨਾਰੰਗ ਨੂੰ ਵਾਈਸ ਚਾਂਸਲਰ ਦਾ ਓਐਸਡੀ ਲਗਾਉਣ ਦੀ ਚਰਚਾ ਸ਼ੁਰੂ ਹੋਈ। ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ, ਪਰ ਮਨਜੀਤ ਸਿੰਘ ਨਾਰੰਗ ਵਲੋਂ ਇਸ ਨਿਯੁਕਤੀ ਲਈ ਮਨ੍ਹਾਂ ਕਰਨ ਤੋਂ ਬਾਅਦ 'ਵਰਸਿਟੀ ਪ੍ਰਸ਼ਾਸਨ ਨੇ ਆਪਣਾ ਨੋਟੀਫਿਕੇਸ਼ਨ ਵੀ ਵਾਪਸ ਲੈ ਲਿਆ। ਜਿਸਤੋਂ ਬਾਅਦ ਹੁਣ ਆਨਰੇਰੀ ਸਲਾਹਕਾਰ ਦੀ ਨਿਯੁਕਤ 'ਤੇ ਸਹਿਮਤੀ ਹੋ ਗਈ ਹੈ। ਸੂਤਰਾਂ ਅਨੁਸਾਰ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਮਨਜੀਤ ਸਿੰਘ ਨਾਰੰਗ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ। ਇਸ ਦੌਰਾਨ ਆਈਏਐਸ ਮਨਜੀਤ ਸਿੰਘ ਨਾਰੰਗ ਨੂੰ ਯੂਨੀਵਰਸਿਟੀ ਦੇ ਹਾਲਾਤ ਵਿਚ ਸੁਧਾਰ ਲਿਆਉਣ ਦੇ ਮਕਸਦ ਨਾਲ ਉਨ੍ਹਾਂ ਦੀਆਂ ਸੇਵਾਵਾਂ ਲੈਣ ਦੀ ਗੱਲ ਵੀ ਕੀਤੀ ਗਈ ਪਰ ਮੰਗਲਵਾਰ ਅਚਾਨਕ ਦੁਪਹਿਰ ਬਾਅਦ ਮਨਜੀਤ ਸਿੰਘ ਨਾਰੰਗ ਦੇ ਮੋਬਾਇਲ ਫੋਨ 'ਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਦਾ ਫੋਨ ਚਲਾ ਗਿਆ। ਮਨਜੀਤ ਸਿੰਘ ਨਾਰੰਗ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਵੀਸੀ ਦਾ ਓਐਸਡੀ ਨਿਯੁਕਤ ਕੀਤਾ ਗਿਆ ਹੈ। ਦੂਜੇ ਪਾਸੇ ਮਨਜੀਤ ਸਿੰਘ ਨਾਰੰਗ ਨੇ ਅਧਿਕਾਰੀ ਨੂੰ ਮੌਕੇ 'ਤੇ ਹੀ ਇਹ ਆਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸਦਾ ਹੱਲ ਲੱਭਦਿਆਂ ਵਰਸਿਟੀ ਅਥਾਰਟੀ ਨੇ ਆਈਏਐਸ ਨਾਰੰਗ ਦੀਆਂ ਸੇਵਾਵਾਂ ਲੈਣ ਲਈ ਵੀਸੀ ਦੇ ਆਨਰੇਰੀ ਸਲਾਹਕਾਰ ਵਲੋਂ ਨਿਯੁਕਤੀ ਕਰਦਿਆਂ ਪੱਤਰ ਵੀ ਜਾਰੀ ਕਰ ਦਿੱਤਾ ਹੈ।

Posted By: Amita Verma