ਸਟਾਫ ਰਿਪੋਰਟਰ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਮੁਲਾਜ਼ਮਾ ਨੂੰ ਦੋ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ ਤੇ ਆਰਥਿਕ ਤੰਗੀ ਦਾ ਸ਼ਿਕਾਰ ਹੋਣ ਲੱਗੇ ਹਨ। ਅਜਿਹਾ ਹੀ ਕੁਝ ਵਰਸਿਟੀ ਦੀ ਜਰਨਲ ਸ਼ਾਖਾ ਦੀ ਮਹਿਲਾ ਮੁਲਾਜ਼ਮ ਨਾਲ ਵਾਪਰ ਰਿਹਾ ਹੈ। ਜੋ ਕਿ ਕੋਰੋਨਾ ਪਾਜ਼ੇਟਿਵ ਹੈ ਤੇ ਇਲਾਜ ਲਈ ਪੈਸੇ ਨਾ ਹੋਣ ਤੇ ਯੂਨੀਅਨ ਕੋਲ ਵਿੱਤੀ ਮਦਦ ਦੀ ਗੁਹਾਰ ਲਗਾ ਰਹੀ ਹੈ। ਮਹਿਲਾ ਮੁਲਾਜ਼ਮ ਦੀ ਆਡੀਉ ਮੁਲਾਜ਼ਮਾਂ ਦੇ ਵਟਸਐਪ ਗਰੁੱਪ ਚ ਵਾਇਰਲ ਹੋ ਰਹੀ ਹੈ। ਜਿਸ ਵਿਚ ਮਹਿਲਾ ਮੁਲਾਜ਼ਮ ਨੇ ਦੱਸਿਆ ਹੈ ਕਿ ਉਹ ਕੋਰੋਨਾ ਪਾਜ਼ੇਟਿਵ ਹੈ ਤੇ ਹਾਲਤ ਬਹੁਤ ਖਰਾਬ ਹੈ, ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਆਈ ਨਹੀਂ ਹੈ। ਮਹਿਲਾ ਮੁਲਾਜ਼ਮ ਨੇ ਆਡੀਉ 'ਚ ਕਿਹਾ ਹੈ ਕਿ ਹੁਣ ਯੂਨੀਅਨ ਵਾਲੇ ਭੈਣ ਭਰਾ ਹੀ ਮਦਦ ਕਰ ਸਕਦੇ ਹਨ।

ਦੱਸਣਾ ਬਣਦਾ ਹੈ ਵਰਸਿਟੀ ਮੁਲਾਜ਼ਮਾਂ ਨੂੰ ਨਵਾਂ ਵੀਸੀ ਮਿਲਣ ਤੋਂ ਬਾਅਦ ਤਨਖਾਹ ਮਿਲਣ ਦੀ ਆਸ ਜਾਗੀ ਸੀ ਪਰ ਹੁਣ ਤੀਸਰਾ ਮਹੀਨਾ ਵੀ ਸ਼ੁਰੂ ਹੋ ਗਿਆ ਹੈ ਪਰ ਖਾਤਿਆਂ ਚ ਤਨਖਾਹਾਂ ਨਹੀਂ ਪਾਈਆਂ ਜਾ ਸਕੀਆਂ ਹਨ।

ਯੂਨੀਵਰਸਿਟੀ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਪ੍ਰਬੰਧ ਕਰੇ: ਡਾ. ਜਤਿੰਦਰ ਸਿੰਘ ਮੱਟੂ

ਡਾ.ਅੰਬੇਡਕਰ ਕਰਮਚਾਰੀ ਮਹਾਂਸੰਘ ਦੇ ਆਗੂ ਡਾ.ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਯੂਨੀਵਰਸਿਟੀ ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਅਤੇ ਉਨਾਂ ਦੇ ਪਰਿਵਾਰਾਂ ਦੀ ਹਾਲਤ ਬੜੀ ਬਦਤਰ ਹੋ ਚੁੱਕੀ ਹੈ। ਇਸ ਭਿਆਨਕ ਮਹਾਮਾਰੀ ਦੇ ਚੱਲ ਰਹੇ ਦੌਰ ਵਿੱਚ ਕਰਮਚਾਰੀ ਅਤੇ ਉਨਾਂ ਦੇ ਪਰਿਵਾਰ ਸਹਿਮ ਅਤੇ ਡਰ ਵਿੱਚ ਹਨ ਕਿ ਜੇਕਰ ਖੁਦਾ ਨਾ ਖਾਸਤਾ ਉਹ ਜਾਂ ਉਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਇਸ ਭਿਆਨਕ ਬਿਮਾਰੀ ਦੀ ਲਪੇਟ ਵਿੱਚ ਆ ਗਿਆ ਤਾਂ ਉਹ ਆਪਣਾ ਇਲਾਜ ਕਿਵੇਂ ਕਰਵਾਉਣਗੇ। ਉਨਾਂ ਸ਼ੰਜਾਬ ਸਰਕਾਰ ਅਤੇ ਵਾਈਸ ਚਾਂਸਲਰ ਤੋਂ ਮੰਗ ਕੀਤੀ ਕਿ ਕਰਮਚਾਰੀਆਂ ਦੀ ਦੋ ਮਹੀਨੇ ਦੀ ਤਨਖਾਹ ਫੌਰੀ ਰਿਲੀਜ਼ ਕੀਤੀ ਜਾਵੇ।

Posted By: Susheel Khanna