ਅਮਨਦੀਪ ਮਹਿਰੋਕ, ਦੇਵੀਗੜ੍ਹ : ਇਥੋਂ ਨੇੜਲੇ ਪਿੰਡ ਬਰਕਤਪੁਰ 'ਚ ਇੱਕ ਵਿਆਹੁਤਾ ਔਰਤ ਦੀ ਉਸਦੇ ਪਤੀ ਵਲੋਂ ਬੱਚਾ ਨਾ ਪੈਦਾ ਨਾ ਹੋਣ ਕਾਰਨ ਗਲ ਘੁੱਟ ਕੇ ਜਾਨੋ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੇ ਡੀਐਸਪੀ ਦਿਹਾਤੀ ਅਜੇਪਾਲ ਸਿੰਘ, ਕਾਰਜਕਾਰੀ ਐਸਐਚਓ ਸਬ ਇੰਸਪੈਕਟਰ ਸੁਰਿੰਦਰ ਸਿੰਘ ਸਮੇਤ ਪੁਲਿਸ ਫੋਰਸ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੁਰਾਦਮਾਜਰਾ ਦੀ ਪਿੰਕੀ ਰਾਣੀ ਪੁੱਤਰੀ ਗੁਰਦੇਵ ਸਿੰਘ ਦਾ ਤਿੰਨ ਸਾਲ ਪਹਿਲਾਂ ਪਿੰਡ ਬਰਕਤਪੁਰ ਦੇ ਚਰਨਜੀਤ ਸਿੰਘ ਪੁੱਤਰ ਤਰਸੇਮ ਸਿੰਘ ਨਾਲ ਵਿਆਹ ਹੋਇਆ ਸੀ ਪਰ ਪਿੰਕੀ ਰਾਣੀ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਸ ਦੇ ਸਹੁਰਾ ਪਰਿਵਾਰ ਉਸ ਨੂੰ ਦਾਜ ਤੇ ਬੱਚਾ ਨਾ ਪੈਦਾ ਕਰਨ ਕਰਕੇ ਤੰਗ ਪ੍ਰੇਸ਼ਾਨ ਕਰਦੇ ਸਨ। ਪਰ ਜਦੋਂ ਲੜਕੀ ਦੇ ਮਾਪਿਆਂ ਨੂੰ ਉਸ ਦੇ ਮਾਰੇ ਜਾਣ ਬਾਰੇ ਪਤਾ ਲੱਗਾ ਤਾਂ ਉਹ ਪਿੰਡ ਬਰਕਤਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਜਾ ਵੇਖਿਆ ਤਾਂ ਉਨ੍ਹਾਂ ਦੀ ਲੜਕੀ ਮਰੀ ਹੋਈ ਸੀ ਅਤੇ ਉਸ ਦੇ ਗਲੇ ਤੇ ਸੋਜ ਦੇ ਨਿਸ਼ਾਨ ਸਨ ਜਿਸ 'ਤੇ ਉਨ੍ਹਾਂ ਨੇ ਥਾਣਾ ਜੁਲਕਾ ਦੀ ਪੁਲਿਸ ਨੂੰ ਸੁਚਨਾ ਦਿੱਤੀ।

ਇਸ ਦੌਰਾਨ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਲੜਕੀ ਦੇ ਭਰਾ ਵਿਜੇ ਕੁਮਾਰ ਪੁੱਤਰ ਗੁਰਦੇਵ ਸਿੰਘ ਵਾਸੀ ਮੁਰਾਦਮਾਜਰਾ ਦੇ ਬਿਆਨਾ ਦੇ ਅਧਾਰ ਤੇ ਮ੍ਰਿਤਕਾ ਪਿੰਕੀ ਰਾਣੀ ਦੇ ਪਤੀ ਚਰਨਜੀਤ ਸਿੰਘ, ਸੱਸ ਫੂਲ ਕੋਰ ਪਤਨੀ ਤਰਸੇਮ ਸਿੰਘ, ਸਹੁਰਾ ਤਰਸੇਮ ਸਿੰਘ ਪੁੱਤਰ ਜਰਨੈਲ ਸਿੰਘ ਤੇ ਦਾਦੀ ਸੱਸ ਚੰਬੀ ਦੇਵੀ ਪਤਨੀ ਜਰਨੈਲ ਸਿੰਘ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Posted By: Jagjit Singh