ਹਰਿੰਦਰ ਸ਼ਾਰਦਾ, ਪਟਿਆਲਾ : ਪਾਵਰਕਾਮ 'ਚ ਨੌਕਰੀ ਦੀ ਮੰਗ ਕਰ ਰਹੇ ਮਿ੍ਤਕ ਮੁਲਾਜ਼ਮਾਂ ਦੇ ਵਾਰਸਾਂ ਨੇ 7 ਦਿਨਾਂ ਤੋਂ ਆਯੂਰਵੈਦਿਕ ਹਸਪਤਾਲ ਦੀ ਟੈਂਕੀ 'ਤੇ ਧਰਨਾ ਲਗਾਇਆ ਹੋਇਆ ਹੈ ਪਰ ਕੋਈ ਵੀ ਸੁਣਵਾਈ ਨਾ ਹੋਣ ਤੋਂ ਭੜਕੇ ਜਿੱਥੇ ਵਾਰਸਾਂ ਨੇ ਐੱਨਆਈਐੱਸ ਚੌਕ ਵਿਖੇ ਧਰਨਾ ਦਿੱਤਾ, ਉਥੇ ਹੀ ਪੈਦਲ ਮਾਰਚ ਕੱਢ ਕੇ ਲੋਅਰ ਮਾਲ ਰੋਡ ਜਾਮ ਕਰਕੇ ਪਾਵਰਕਾਮ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨ ਕਰ ਰਹੇ ਮਿ੍ਤਕ ਮੁਲਾਜ਼ਮਾਂ ਦੇ ਵਾਰਸਾਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਪਾਵਰਕਾਮ ਵਿਚ ਨੌਕਰੀ ਦੀ ਮੰਗ ਕਰਦੇ ਆ ਰਹੇ ਹਨ ਪ੍ਰੰਤੂ ਹਾਲੇ ਤਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ। ਰੋਡ ਜਾਮ ਦੀ ਸੂਚਨਾ ਮਿਲਦਿਆਂ ਮੌਕੇ 'ਤੇੇ ਤਹਿਸੀਲਦਾਰ ਇੰਦਰ ਕੁਮਾਰ ਵੱਲੋਂ ਲਿਖਤੀ ਰੂਪ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜਲਦ ਮੀਟਿੰਗ ਦੇ ਮਿਲੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ 7 ਦਿਨਾਂ ਤੋਂ ਮਿ੍ਤਕ ਮੁਲਾਜ਼ਮਾਂ ਦੇ ਵਾਰਸਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਆਯੂਰਵੈਦਿਕ ਹਸਪਤਾਲ ਦੀ ਪਾਣੀ ਵਾਲੀ ਟੈਂਕੀ 'ਤੇ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ 'ਤੇ ਬੈਠੇ ਮਿ੍ਤਕ ਮੁਲਾਜ਼ਮਾਂ ਦੇ 4 ਮੈਂਬਰਾਂ ਵੱਲੋਂ ਮਰਨ ਵਰਤ ਵੀ ਆਰੰਭ ਕੀਤਾ ਗਿਆ ਹੈ। ਲੰਘੇ ਦਿਨੀਂ ਮੁਲਾਜ਼ਮਾਂ ਦੇ ਵਾਰਸਾਂ ਨੂੰ ਚੰਡੀਗੜ੍ਹ ਵਿਖੇ ਪਾਵਰਕਾਮ ਦੇ ਸੀਐੱਮਡੀ ਵੇਨੂੰ ਪ੍ਰਸਾਦ ਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਪਰ ਵਾਰਸਾਂ ਤੇ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਦਾ ਕੋਈ ਵੀ ਸਿੱਟਾ ਨਹੀਂ ਨਿਕਲ ਸਕਿਆ। ਇਸ ਤੋਂ ਬਾਅਦ ਮੁਲਾਜ਼ਮ ਮੁੜ ਧਰਨੇ ਵਿਚ ਸ਼ਾਮਲ ਹੋ ਗਏ ਹਨ।

ਵੀਰਵਾਰ ਨੂੰ ਮੰਗਾਂ ਦੇ ਕੋਈ ਵੀ ਹੱਲ ਨਾ ਹੋਣ ਕਾਰਨ ਵਾਰਸਾਂ ਵੱਲੋਂ 11 ਵਜੇ ਐੱਨਆਈਐੱਸ ਚੌਕ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਦੁਪਹਿਰ ਸਮੇਂ ਲੋਅਰ ਮਾਲ ਰੋਡ ਵਿਖੇ ਮਾਰਚ ਕੱਢ ਕੇ ਰੋਡ ਜਾਮ ਕਰ ਦਿੱਤਾ ਗਿਆ। ਇਸ ਮੌਕੇ ਮਿ੍ਤਕ ਆਸ਼ਰਿਤ ਯੂਨੀਅਨ ਦੇ ਸੂਬਾ ਪ੍ਰਧਾਨ ਚਰਨਜੀਤ ਸਿੰਘ ਦਿਓਣ ਨੇ ਕਿਹਾ ਕਿ ਵਾਰਸਾਂ ਦੀ ਇੱਕੋ ਇਂੱਕ ਮੰਗ ਨੌਕਰੀ ਦੀ ਹੈ ਪਰ ਹਰ ਵਾਰ ਦੀ ਤਰ੍ਹਾਂ ਵਾਰਸਾਂ ਨੂੰ ਇੱਕ ਮਹੀਨੇ ਦੇ ਅੰਦਰ ਮੰਗਾਂ ਦੇ ਹੱਲ ਲਈ ਸਮਾਂ ਦਿੱਤਾ ਜਾਂਦਾ ਹੈ। ਜਦੋਂ ਉਹ ਵਾਪਸ ਜਾਂਦੇ ਹਨ ਤਾਂ ਉਨ੍ਹਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਹੈ।

ਇਸ ਲਈ ਉਹ ਹੁਣ ਪਾਵਰਕਾਮ ਦੇ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕਰ ਚੁੱਕੇ ਹਨ ਪਰ ਹਾਲੇ ਤੱਕ ਕੋਈ ਮੰਗ ਪੂਰੀ ਨਹੀਂ ਕੀਤੀ ਗਈ ਹੈ। ਇਸ ਲਈ ਹੁਣ ਉਨ੍ਹਾਂ ਨੇ ਨਿਸ਼ਚਿਤ ਕੀਤਾ ਹੈ ਕਿ ਵਾਰਸ ਆਪਣੀ ਗੁਹਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਲੈ ਕੇ ਜਾਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 28 ਅਪ੍ਰੈਲ ਤਕ ਮਿ੍ਤਕ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਪਾਵਰਕਾਮ ਦਫ਼ਤਰ ਦੇ ਤਿੰਨੋਂ ਗੇਟਾਂ ਨੂੰ ਤਾਲੇ ਜੜ ਦੇਣਗੇ।

ਇਸ ਮੌਕੇ ਪਵਨ ਭਦੌੜ, ਦੂਮ ਬਹਾਦੂਰ, ਅਮਰਜੀਤ ਸਿੰਘ, ਬਬੀਤਾ ਰਾਣੀ, ਪ੍ਰਵੀਨ ਕੁਮਾਰ, ਰਾਜੇਸ਼ ਕੁਮਾਰ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।