ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਮਲੇਰੀਆ ਮਹੀਨੇ ਤਹਿਤ ਜਾਗਰੂਕਤਾ ਅਤੇ ਮਲੇਰੀਆ ਕੰਟਰੋਲ ਗਤੀਵਿਧੀਆਂ ਤਹਿਤ ਸਿਵਲ ਸਰਜਨ ਡਾ. ਸਤਿੰਦਰ ਸਿੰਘ ਵੱਲੋਂ ਅੱਜ ਟੋਭਿਆਂ 'ਚ ਮੱਛਰਾਂ ਦਾ ਲਾਰਵਾ ਖਾਣ ਵਾਲੀਆਂ ਗੰਬੂਜੀਆਂ ਮੱਛੀਆਂ ਦੇ ਰੱਖ-ਰਖਾਅ ਸਬੰਧੀ ਅਰਬਨ ਪ੍ਰਰਾਇਮਰੀ ਸਿਹਤ ਕੇਂਦਰ ਸੂਲਰ ਵਿਚ ਬਣਾਏ ਮੱਛੀ ਫਾਰਮ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੂਮੀਤ ਸਿੰਘ ਅਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੀ ਹਾਜ਼ਰ ਸਨ।

ਸਿਵਲ ਸਰਜਨ ਨੇ ਕਿਹਾ ਕਿ ਗੰਬੂਜੀਆਂ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਦਾ ਬਾਇਓਲੋਜੀਕਲ ਸਾਧਨ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਬਣਾਏ ਇਸ ਮੱਛੀ ਫਾਰਮ ਵਿਚ ਕਾਫੀ ਮਾਤਰਾ ਵਿਚ ਗੰਬੂਜੀਆਂ ਮੱਛੀਆਂ ਮੌਜੂਦ ਹਨ, ਜਿਥੋਂ ਕਿ ਇਨ੍ਹਾਂ ਮੱਛੀਆਂ ਨੂੰ ਲੋੜ ਅਨੁਸਾਰ ਸ਼ਹਿਰਾਂ/ਪਿੰਡਾਂ ਵਿਚ ਬਣੇ ਟੋਭਿਆਂ ਵਿਚ ਛੱਡਿਆ ਜਾਂਦਾ ਹੈ, ਜਿਥੇ ਇਹ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਖਾ ਕੇ ਮੱਛਰਾਂ ਦੀ ਪੈਦਾਇਸ਼ ਹੋਣ ਤੋਂ ਰੋਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਗੰਬੂਜੀਆਂ ਮੱਛੀ ਵਾਤਾਵਰਨ ਅਨੁਕੂਲ ਹੈ। ਇਹ ਮੱਛੀ 20-34 ਡਿਗਰੀ ਸੈਂਟੀਗ੍ਰੇਡ ਦੇ ਤਾਪਮਾਨ ਤੇ ਸਾਫ ਪਾਣੀ ਵਿਚ ਵਧੇਰੇ ਪਲਦੀ ਹੈ। ਇਸ ਮੱਛੀ ਦਾ ਜੀਵਨਕਾਲ 3 ਤੋਂ 5 ਸਾਲ ਤਕ ਹੁੰਦਾ ਹੈ। ਆਪਣੇ ਜੀਵਨਕਾਲ ਵਿਚ ਇਕ ਮੱਛੀ ਤਕਰੀਬਨ 1 ਹਜ਼ਾਰ ਦੇ ਕਰੀਬ ਅੰਡੇ ਦਿੰਦੀ ਹੈ। ਗੰਬੂਜੀਆ ਮੱਛੀ ਰੋਜ਼ਾਨਾ 100 ਤੋਂ 300 ਮੱਛਰਾਂ ਦਾ ਲਾਰਵਾ ਖਾਂਦੀ ਹੈ। ਇਸ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਇਸ ਮੱਛੀ ਨੂੰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹੁਣ ਤਕ ਜ਼ਿਲ੍ਹੇ ਵਿਚ ਮਲੇਰੀਆ ਦਾ ਕੋਈ ਵੀ ਕੇਸ ਰਿਪੋਰਟ ਨਹੀਂ ਹੋਇਆ ਪਰ ਫਿਰ ਵੀ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇਸ ਲਈ ਛੋਟੇ ਟੋਇਆਂ ਵਿਚ ਪਾਣੀ ਵਿਚ ਲਾਰਵਾ ਸਾਈਡਲ ਦਵਾਈ ਟੈਮੀਫਾਸ ਦਾ ਿਛੜਕਾਅ ਜਾਂ ਕਾਲਾ ਤੇਲ ਪਾ ਕੇ ਪਾਣੀ 'ਤੇ ਪਰਤ ਬਣਾ ਕੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਿੰਡਾਂ ਵਿਚ ਜੇਕਰ ਵੱਡੇ-ਵੱਡੇ ਟੋਭੇ ਹਨ ਤਾਂ ਉਹ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਉਨ੍ਹਾਂ ਵਿਚ ਗੰਬੂਜੀਆਂ ਮੱਛੀਆਂ ਛੱਡਣ ਲਈ ਜ਼ਰੂਰ ਕਹਿਣ।

=---------

ਛੱਤਾਂ 'ਤੇ ਪਾਣੀ ਨਾ ਖੜ੍ਹਨ ਦਿਓ : ਜ਼ਿਲ੍ਹਾ ਅਪੀਡੀਮੋਲੋਜਿਸਟ

ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮਿਤ ਸਿੰਘ ਨੇ ਕਿਹਾ ਕਿ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਘਰਾਂ ਦੀਆਂ ਛੱਤਾਂ 'ਤੇ ਪਏ ਟੁੱਟੇ ਭਾਂਡਿਆਂ ਨੂੰ ਮੂੱਧਾ ਮਾਰਨ ਜਾਂ ਨਸ਼ਟ ਕਰਨ, ਕੂਲ਼ਰ, ਫਰਿਜ਼ਾਂ ਦੀਆਂ ਟਰੇਆਂ ਅਤੇ ਪੰਛੀਆਂ ਨੂੰ ਪਾਣੀ ਪਿਲਾਉਣ ਲਈ ਰੱਖੇ ਗਏ ਭਾਂਡਿਆਂ ਨੂੰ ਹਫਤੇ 'ਚ ਇਕ ਦਿਨ ਖਾਲੀ ਕਰਕੇ ਸੁਕਾਉਣ ਲਈ ਲੋਕ ਜਾਗਰੂਕ ਹੋਣ ਤਾਂ ਜੋ ਇਨ੍ਹਾਂ ਵਿਚ ਪਾਣੀ ਇਕੱਠਾ ਨਾ ਹੋ ਸਕੇ। ਅੱਜ ਖੁਸ਼ਕ ਦਿਵਸ ਮੌਕੇ 'ਤੇ ਸਿਹਤ ਟੀਮਾਂ ਵੱਲੋਂ ਜ਼ਿਲ੍ਹੇ ਵਿਚ 15,215 ਘਰਾਂ ਵਿਚ ਪਾਣੀ ਦੇ ਖੜ੍ਹੇ ਸਰੋਤਾਂ ਦੀ ਚੈਕਿੰਗ ਕੀਤੀ ਗਈ ਅਤੇ 152 ਘਰਾਂ ਵਿਚ ਮੱਛਰਾਂ ਦਾ ਲਾਰਵਾ ਪਾਏ ਜਾਣ 'ਤੇ ਲਾਰਵਾ ਨਸ਼ਟ ਕਰਵਾਇਆ ਗਿਆ ਅਤੇ ਘਰ ਮਾਲਕਾਂ ਨੂੰ ਡੇਂਗੂ ਪ੍ਰਤੀ ਸਾਵਧਾਨੀਆਂ ਵਰਤਣ ਸਬੰਧੀ ਜਾਗਰੂਕ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਰਸ਼ਾਂ ਤੋਂ ਬਾਅਦ ਘਰਾਂ ਵਿਚ ਲਾਰਵਾ ਮਿਲਣ ਦੀ ਤਦਾਦ ਵੱਧ ਰਹੀ ਹੈ। ਇਸ ਲਈ ਲੋਕ ਇਸ ਗੱਲ ਵੱਲ ਖੁਦ ਧਿਆਨ ਦੇਣ।