ਭੁਪਿੰਦਰਜੀਤ ਮੌਲਵੀਵਾਲਾ, ਪਾਤੜਾਂ : ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਲੁਭਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਵੱਖ ਵੱਖ ਸਰਕਾਰੀ ਸਹੂਲਤਾਂ ਲੈਣ ਲਈ ਲੋੜੀਂਦਾ ਸਰਟੀਫਿਕੇਟ ਜਾਰੀ ਕਰਨ ਲਈ ਕੈਂਪ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਵਿਧਾਨ ਸਭਾ ਹਲਕਾ ਸ਼ੁਤਰਾਣਾ ਨਾਲ ਸਬੰਧਤ ਅਪਾਹਜ ਵਿਅਕਤੀਆਂ ਨੂੰ ਉਨਾਂ੍ਹ ਦੇ ਘਰ ਨੇੜੇ ਸਹੂਲਤ ਦੇਣ ਦੇ ਮਕਸਦ ਨਾਲ ਕਮਿਊਨਿਟੀ ਹੈਲਥ ਸੈਂਟਰ ਪਾਤੜਾਂ ਵਿਖੇ ਦੋ ਰੋਜ਼ਾ ਕੈਂਪ ਲਗਾਇਆ ਗਿਆ। ਸਰਟੀਫਿਕੇਟ ਲੈਣ ਦੀ ਆਸ ਅੰਦਰ ਕੈਂਪ ਵਿਚ ਵੱਡੀ ਗਿਣਤੀ ਵਿੱਚ ਪੁੱਜੇ ਜਿਆਦਾਤਰ ਦਿਵਿਆਂਗ ਵਿਅਕਤੀਆਂ, ਅੌਰਤਾਂ ਅਤੇ ਬੱਚਿਆਂ ਦੇ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨ ਬਾਵਜੂਦ ਸਰਟੀਫਿਕੇਟ ਨਹੀਂ ਬਣ ਸਕੇ। ਧੱਕੇ ਖਾਣ ਦੇ ਬਾਵਜੂਦ ਸਰਟੀਫਿਕੇਟ ਨਾ ਬਣਨ ਕਾਰਨ ਕੈਂਪ ਵਿੱਚ ਪੁੱਜੇ ਅੰਗਹੀਣਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਸਿਹਤ ਵਿਭਾਗ ਵਲੋਂ ਲਗਾਏ ਗਏ ਦੋ ਰੋਜ਼ਾ ਕੈਂਪ 'ਚ ਸੈਂਕੜਿਆਂ ਦੀ ਗਿਣਤੀ 'ਚ ਅਪਾਹਜ ਸਰਟੀਫਿਕੇਟ ਬਣਾਉਣ ਲਈ ਪੁੱਜੇ ਪਰ ਦੋ ਦਿਨਾਂ ਦੇ ਇਸ ਕੈਂਪ ਦੌਰਾਨ ਮਹਿਜ਼ 36 ਵਿਅਕਤੀਆਂ ਦੀ ਕਾਗਜ਼ੀ ਕਾਰਵਾਈ ਮੁਕੰਮਲ ਹੋ ਸਕੀ।

ਸੀਐੱਚਸੀ ਪਾਤੜਾਂ ਵਿਖੇ ਲੱਗੇ ਦੋ ਰੋਜ਼ਾ ਕੈਂਪ ਵਿੱਚ ਸਰਟੀਫਿਕੇਟ ਬਣਵਾਉਣ ਆਏ ਦਿਵਿਆਂਗ ਪਿੰਡ ਲਾਲਵਾ ਵਾਸੀ ਲਖਵਿੰਦਰ ਸਿੰਘ, ਬਲਕਾਰ ਸਿੰਘ ਕਲਵਾਣੂ, ਜੋਗਿੰਦਰ ਸਿੰਘ ਛਬੀਲਪੁਰ, ਗੁਰਦੇਵ ਸਿੰਘ ਤੰਬੂਵਾਲਾ, ਸੁੱਚਾ ਸਿੰਘ ਦੁਗਾਲ ਕਲਾਂ ਜਸਬੀਰ ਸਿੰਘ ਚੁਨਾਗਰਾ ਚਰਨ ਸਿੰਘ ਪਾਤੜਾਂ ਅਤੇ ਸੁਨੀਲ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਲਗਾਏ ਗਏ ਕੈਂਪ ਸਬੰਧੀ ਜਾਣਕਾਰੀ ਮਿਲਣ ਤੇ ਉਹ ਅਪਾਹਜ ਸਰਟੀਫਿਕੇਟ ਬਣਵਾਉਣ ਲਈ ਆਏ ਸਨ ਪਰ ਉਨਾਂ੍ਹ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨਾਂ੍ਹ ਦੱਸਿਆ ਕਿ ਕੈਂਪ ਵਿਚ ਸਰਟੀਫਿਕੇਟ ਬਣਾਏ ਜਾਣ ਸਬੰਧੀ ਉਨਾਂ੍ਹ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜਦੋਂ ਉਹ ਹਸਪਤਾਲ ਵਿਚ ਪਹੁੰਚੇ ਤਾਂ ਉਨਾਂ੍ਹ ਨੂੰ ਸਰਟੀਫਿਕੇਟ ਲਈ ਸੇਵਾ ਕੇਂਦਰਾਂ ਵਿਚ ਅਪਲਾਈ ਕਰਨ ਲਈ ਕਿਹਾ ਗਿਆ ਪਰ ਸੇਵਾ ਕੇਂਦਰਾਂ ਵਿੱਚ ਦਰਖਾਸਤਾਂ ਦੇਣ ਲਈ ਖੱਜਲ ਖੁਆਰ ਹੋਣ ਮਗਰੋਂ ਜਦੋਂ ਬਹੁਤਿਆਂ ਨੇ ਅਪਲਾਈ ਕਰ ਦਿੱਤਾ ਤਾਂ ਓਨੀ ਦੇਰ ਤਕ ਕੈਂਪ ਦੀ ਸਮਾਪਤੀ ਕਰ ਦਿੱਤੀ ਗਈ। ਸਰਟੀਫਿਕੇਟ ਬਣਾਉਣ ਆਏ ਕਈ ਵਿਅਕਤੀਆਂ ਨੇ ਦੱਸਿਆ ਕਿ ਉਹ ਸਵੇਰ ਤੋਂ ਭੁੱਖਣ ਭਾਣੇ ਕਤਾਰਾਂ ਵਿੱਚ ਖੜ੍ਹੇ ਹਨ। ਉਨਾਂ੍ਹ ਕਿਹਾ ਕਿ ਸਰਕਾਰ ਚੋਣਾਂ ਦੇ ਮੱਦੇਨਜ਼ਰ ਡਰਾਮੇਬਾਜ਼ੀ ਕਰ ਰਹੀ ਹੈ ਜਦੋਂ ਕਿ ਸਿਸਟਮ ਨੂੰ ਦਰੁਸਤ ਕਰਨ ਵੱਲ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ।