ਜਗਨਾਰ ਸਿੰਘ ਦੁਲੱਦੀ, ਨਾਭਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਉਦਾਸੀਨ ਪੰਥ ਦੇ ਬਾਨੀ ਤੇ ਅਲੌਕਿਕ ਸ਼ਕਤੀਆਂ ਦੇ ਸੁਆਮੀ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ 527ਵੇਂ ਜਨਮ ਦਿਹਾੜੇ ਮੌਕੇ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਵਾਲਿਆਂ ਦੀ ਅਗਵਾਈ ਹੇਟ ਮਾਂਡੀ (ਪਿਹੋਵਾ) ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਕਥਾ ਵਾਚਕ ਭਾਈ ਨਵਨੀਤ ਸਿੰਘ ਲੁਧਿਆਣੇ ਵਾਲਿਆਂ ਨੇ ਇਲਾਹੀ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਦਿਆਂ ਬਾਬਾ ਸ੍ਰੀ ਚੰਦ ਜੀ ਦੇ ਜੀਵਨ ਅਤੇ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦੇ ਪ੍ਰਚਾਰ ਪਸਾਰ 'ਚ ਯੋਗਦਾਨ ਸਬੰਧੀ ਚਾਨਣਾ ਪਾਇਆ। ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਸਾਹਿਬ ਵਾਲਿਆਂ ਨੇ ਕਿਹਾ ਕਿ ਜੋ ਕੌਮਾਂ ਅਪਣੇ ਮਹਾਨ ਬਜੁਰਗਾਂ, ਗੁਰੂ ਪੀਰ ਅਵਤਾਰਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਉਨ੍ਹਾਂ ਦੇ ਫਲਸਫੇ ਨੂੰ ਯਾਦ ਰੱਖਦੇ ਨੇ ਸਮਾਜ 'ਚ ਉਨ੍ਹਾਂ ਨੂੰ ਹਮੇਸ਼ਾ ਮਾਣ ਸਤਿਕਾਰ ਦੀ ਪ੍ਰਰਾਪਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸ੍ਰੀ ਚੰਦ ਜੀ ਨੇ ਆਪਣੀ 149 ਵਰਿ੍ਹਆਂ ਦੀ ਉਮਰ 'ਚ ਘੱਟੋਂ-ਘੱਟ 20-25 ਹਜ਼ਾਰ ਕਿਲੋਮੀਟਰ ਦਾ ਸਫ਼ਰ ਕੀਤਾ ਤੇ ਗੁਰਦੇਵ ਪਿਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਰਿਆ। ਉਨ੍ਹਾਂ ਅੱਗੇ ਕਿਹਾ ਕਿ ਬਾਬਾ ਜੀ ਦੇ ਦਿਖਾਏ ਰਸਤੇ 'ਤੇ ਚਲਦਿਆਂ ਉਦਾਸੀ ਸੰਤਾਂ ਦੇ ਮਨੁੱਖਤਾ ਦੀ ਭਲਾਈ ਲਈ ਕੀਤੇ ਕੰਮਾਂ ਨੂੰ ਸੰਸਾਰ ਹਮੇਸ਼ਾ ਯਾਦ ਰੱਖੇਗਾ। ਇਸ ਮੌਕੇ ਜਥੇ ਭਾਈ ਕੁਲਦੀਪ ਸਿੰਘ ਜੀ ਨੇ ਸਮਾਗਮ 'ਚ ਪਹੁੰਚੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।