ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ’ਚ ਕਰਾਇਆ ਕੀਰਤਨ ਦਰਬਾਰ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਸੇਧ ਲੈ ਕੇ ਸੱਚ ਦੇ ਮਾਰਗ ‘ਤੇ ਚੱਲਣ ਦੀ ਲੋੜ : ਵਾਈਸ ਚਾਂਸਲਰ
Publish Date: Wed, 12 Nov 2025 06:26 PM (IST)
Updated Date: Wed, 12 Nov 2025 06:28 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਵਲੋਂ ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਭਾਈ ਸਾਹਿਬ ਭਾਈ ਜੁਵਾਲਾ ਸਿੰਘ ਜੀ ਰਾਗੀ ਆਡੀਟੋਰੀਅਮ ਗੁਰਮਤਿ ਸੰਗੀਤ ਭਵਨ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਜਿਸ ਤੋਂ ਬਾਅਦ ਭਾਈ ਸਤਿੰਦਰ ਸਿੰਘ ਸਾਰੰਗ ਦੇ ਜਥੇ ਵਲੋਂ, ਮੈਡਮ ਕੋਮਲ ਚੁੱਘ ਅਤੇ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਰਾਗਮਈ ਕੀਰਤਨ ਕੀਤਾ। ਇਸ ਮੌਕੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਨਾਏ ਜਾ ਰਹੇ ਸ਼ਹੀਦੀ ਸਮਾਗਮਾਂ ਦੀ ਲੜੀ ਤਹਿਤ ਪੰਜਾਬੀ ਯੂਨੀਵਰਸਿਟੀ ਵਲੋਂ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ। ਇਸ ਮੌਕੇ ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ ਦੇ ਇੰਚਾਰਜ ਡਾ. ਪਰਮੀਤ ਕੌਰ ਨੇ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਵਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਵਿਭਾਗ ਵਲੋਂ ਭਵਿੱਖ ਵਿੱਚ ਚਲਾਏ ਜਾਣ ਵਾਲੇ ਹੋਰ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਮਲਕਿੰਦਰ ਕੌਰ, ਡਾ. ਪਰਮਵੀਰ ਸਿੰਘ, ਡਾ. ਪਰਮਜੀਤ ਸਿੰਘ, ਡਾ. ਜਸਵੀਰ ਕੌਰ, ਡਾ. ਸੁਖਵਿੰਦਰ ਸਿੰਘ ਪ੍ਰੋਵੋਸਟ ਵਿਦਿਆਰਥੀ ਭਲਾਈ, ਡਾ. ਜਤਿੰਦਰ ਸਿੰਘ ਮੱਟੂ, ਡਾ. ਹਰਮਿੰਦਰ ਕੌਰ, ਡਾ. ਕਰਮਜੀਤ ਕੌਰ, ਡਾ. ਅਮਨਜੋਤ ਕੌਰ,ਡਾ. ਅਮਰਿੰਦਰ ਸਿੰਘ, ਡਾ. ਰਣਜੀਤ ਸਿੰਘ, ਅਰੁਣ ਝਾਅ, ਮਧੁਰੇਸ਼ ਭੱਟ, ਅਲੀ ਅਕਬਰ,ਜਸਬੀਰ ਸਿੰਘ ਜਵੱਧੀ, ਹਰਨੂਰ ਸਿੰਘ, ਹਰਪ੍ਰੀਤ ਸਾਹਨੀ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।