ਹਰਿੰਦਰ ਸ਼ਾਰਦਾ, ਪਟਿਆਲਾ : ਸੋਮਵਾਰ ਨੂੰ ਪੁਲਿਸ ਪ੍ਸ਼ਾਸਨ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਰਜਿੰਦਰਾ ਹਸਪਤਾਲ ਦੀ ਛੱਤ 'ਤੇ ਬੈਠੇ ਨਰਸਿੰਗ ਸਟਾਫ਼, ਐਨਸਿਲਰੀ ਸਟਾਫ ਤੇ ਦਰਜਾ ਚਾਰ ਕਰਮਚਾਰੀਆਂ ਨੇ ਛੱਤ ਤੋਂ ਛਾਲ ਮਾਰਨ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਸੂਚਨਾ ਮਿਲਦਿਆਂ ਐੱੰਸਪੀ ਸਿਟੀ ਕੇਸਰ ਸਿੰਘ ਨੇ ਤੁਰੰਤ ਛੱਤ 'ਤੇ ਪੁੱਜ ਕੇ ਨਰਸਾਂ ਨੂੰ ਸ਼ਾਂਤ ਕਰਵਾਇਆ ਤੇ ਪੱਕਾ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਸਹਿਮਤ ਹੁੰਦਿਆਂ ਨਰਸਾਂ ਨਾਲ ਬੈਠੇ ਦੋ ਹੋਰ ਕਰਮਚਾਰੀਆਂ ਨੇ ਕੁਝ ਸਮੇਂ ਲਈ ਛੱਤ ਤੋਂ ਛਾਲ ਮਾਰਨ ਦਾ ਫ਼ੈਸਲਾ ਟਾਲ ਦਿੱਤਾ ਤੇ ਉਹ ਆਪਣੀ ਥਾਂ ਬਦਲ ਕੇ ਦੂਜੇ ਪਾਸੇ ਬੈਠ ਗਏ। ਹਾਲਾਂਕਿ ਪਿਛਲੇ 5 ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ 'ਤੇ ਬੈਠੀ ਨਰਸਿੰਗ ਪ੍ਧਾਨ ਕਰਮਜੀਤ ਕੌਰ ਅੌਲਖ ਦੀ ਤਬੀਅਤ ਵਿਗੜ ਗਈ ਹੈ ਜਿਸ ਦੇ ਇਲਾਜ ਲਈ ਹਸਪਤਾਲ ਪ੍ਸ਼ਾਸਨ ਵੱਲੋਂ ਦਵਾਈ ਭਿਜਵਾ ਦਿੱਤੀ ਗਈ ਹੈ। ਉਥੇ ਹੀ ਦੁਪਹਿਰ ਸਮੇਂ ਹਸਪਤਾਲ ਤੋਂ ਲੈ ਕੇ ਵੱਖ-ਵੱਖ ਬਾਜ਼ਾਰਾਂ 'ਚ ਕਰਮਚਾਰੀਆਂ ਵੱਲੋਂ ਰੋਸ ਰੈਲੀ ਵੀ ਕੱਢੀ ਗਈ ਜੋ ਕਿ ਮੁੜ ਹਸਪਤਾਲ 'ਚ ਆ ਕੇ ਸਮਾਪਤ ਹੋਈ।

ਇਸ ਮੌਕੇ ਨਰਸਿੰਗ ਸਟਾਫ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਨਰਸਾਂ, ਐਨਿਸਲਰੀ ਸਟਾਫ ਅਤੇ ਦਰਜਾ ਚਾਰ ਕਰਮਚਾਰੀ ਹਸਪਤਾਲ ਵਿਚ 2009 ਤੋਂ ਲੈ ਕੇ ਹੁਣ ਤਕ ਸੇਵਾਵਾਂ ਨਿਭਾਅ ਰਹੇ ਹਨ ਜਿਨ੍ਹਾਂ ਨੂੰ ਪੱਕੇ ਕਰਨ ਲਈ ਸਾਬਕਾ ਅਕਾਲੀ-ਭਾਜਪਾ ਸਰਕਾਰ ਵੱਲੋਂ 2013 ਵਿਚ ਤਜਵੀਜ਼ ਵੀ ਤਿਆਰ ਕੀਤੀ ਗਈ ਸੀ ਪ੍ੰਤੂ ਇਸ ਤੋਂ ਬਾਅਦ ਨਰਸਾਂ ਨੂੰ ਹਾਲੇ ਤੱਕ ਪੱਕਾ ਨਹੀਂ ਕੀਤਾ ਗਿਆ। ਇਸ ਦੇ ਰੋਸ ਵਜੋਂ ਦੋ ਸਾਲ ਪਹਿਲਾਂ ਨਰਸਾਂ ਵੱਲੋਂ ਹਸਪਤਾਲ ਵਿਚ ਕੰਮ ਦਾ ਬਾਈਕਾਟ ਕਰ ਕੇ ਸੰਘਰਸ਼ ਵਿੱਿਢਆ ਗਿਆ ਸੀ। ਉਨ੍ਹਾਂ ਦੇ ਧਰਨੇ ਨੂੰ ਸਮੱਰਥਨ ਦੇ ਕੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਨੀਤ ਕੌਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਜਦੋਂ ਉਨ੍ਹਾਂ ਦੀ ਸਰਕਾਰ ਬਣੇਗੀ ਤਾਂ ਨਰਸਾਂ ਨੂੰ ਦੋ ਮਹੀਨੇ ਅੰਦਰ ਪੱਕਾ ਕੀਤਾ ਜਾਵੇਗਾ ਪਰ ਉਨ੍ਹਾਂ ਦੀ ਕਾਂਗਰਸ ਸਰਕਾਰ ਬਣੇ ਵੀ ਦੋ ਸਾਲ ਤੋਂ ਉੱਪਰ ਹੋ ਚੁੱਕੇ ਹਨ ਤੇ ਹਾਲੇ ਤਕ ਨਰਸਾਂ ਨੂੰ ਪੱਕੇ ਕਰਨ ਲਈ ਸਰਕਾਰ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ। ਇਸ ਦੇ ਰੋਸ ਵਜੋਂ ਨਰਸਾਂ, ਐਨੀਸਲਰੀ ਅਤੇ ਦਰਜਾ ਚਾਰ ਕਰਮਚਾਰੀਆਂ ਵੱਲੋਂ ਇਹ ਸੰਘਰਸ਼ ਵਿੱਿਢਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਵੱਲੋਂ ਜਲਦ ਹੀ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਕੋਈ ਫ਼ੈਸਲਾ ਨਾ ਗਿਆ ਤਾਂ ਮੈਡੀਕਲ ਸੁਪਰਡੈਂਟ ਦੀ ਛੱਤ 'ਤੇ ਬੈਠੇ ਕਰਮਚਾਰੀ ਛਾਲ ਮਾਰ ਦੇਣਗੇ।

ਨਰਸਾਂ ਦੀ ਰੈਲੀ ਨੇ ਲੋਕਾਂ ਦੀਆਂ ਵਧਾਈਆਂ ਮੁਸ਼ਕਲਾਂ

ਹਸਪਤਾਲ ਤੋਂ ਨਰਸਾਂ, ਐਨੀਸਲਰੀ ਸਟਾਫ ਅਤੇ ਦਰਜਾ ਚਾਰ ਕਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਗਈ ਰੋਸ ਰੈਲੀ ਦੌਰਾਨ ਤਕਰੀਬਨ 20 ਮਿੰਟ ਤਕ ਫੁਆਰਾ ਚੌਕ ਦੇ ਵਿਚਕਾਰ ਖੜ੍ਹ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪਟਿਆਲਾ-ਸੰਗਰੂਰ ਰੋਡ, ਲੀਲਾ ਭਵਨ ਰੋਡ, ਮਾਲ ਰੋਡ ਅਤੇ ਲੋਅਰ ਮਾਲ ਰੋਡ 'ਤੇ ਭਾਰੀ ਜਾਮ ਲੱਗ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਜ਼ਿਲ੍ਹਾ ਟ੍ੈਫਿਕ ਇੰਚਾਰਜ ਕਰਨੈਲ ਸਿੰਘ ਨੇ ਤੁਰੰਤ ਜਾਮ ਨੂੰ ਖੁੱਲ੍ਹਵਾਇਆ।