ਪੱਤਰ ਪੇ੍ਰਰਕ, ਪਟਿਆਲਾ : ਪਿਛਲੇ ਕੁਝ ਸਾਲਾਂ ਤੋਂ ਕੌਮਾਂਤਰੀ ਹਾਕੀ ਮੰਚ 'ਤੇ ਪੰਜਾਬ ਦਾ ਮਾਣ ਬਣੀ ਹੋਈ ਖਿਡਾਰਨ ਗੁਰਜੀਤ ਕੌਰ ਦੀ ਚੋਣ ਟੋਕੀਓ ਓਲੰਪਿਕਸ ਲਈ ਭਾਰਤੀ ਹਾਕੀ ਟੀਮ 'ਚ ਹੋਈ। ਫੁੱਲਬੈਕ ਵਜੋਂ ਖੇਡਣ ਵਾਲੀ ਗੁਰਜੀਤ ਕੌਰ ਕੋਚ ਸ਼ਰਨਜੀਤ ਸਿੰਘ (ਇੰਸਪੈਕਟਰ ਪੰਜਾਬ ਪੁਲਿਸ) ਦੀ ਸ਼ਗਿਰਦ ਹੈ ਅਤੇ ਤਰਨਤਾਰਨ ਜ਼ਿਲ੍ਹੇ ਦੇ ਅਜਨਾਲਾ ਨੇੜਲੇ ਪਿੰਡ ਮਨਿਆਦੀਆ ਵਾਲਾ ਦੀ ਜੰਮਪਲ ਹੈ। ਗੁਰਜੀਤ ਕੌਰ ਨੇ ਛੇਵੀਂ ਜਮਾਤ 'ਚ ਪੜ੍ਹਦਿਆਂ 2006 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਰੋਂ ਤੋਂ ਆਪਣਾ ਖੇਡ ਸਫਰ ਆਰੰਭ ਕੀਤਾ ਸੀ। ਆਪਣੇ ਕੌਮਾਂਤਰੀ ਖੇਡ ਜੀਵਨ ਦੌਰਾਨ ਗੁਰਜੀਤ ਕੌਰ ਦੀ ਧੜੱ੍ਹਲੇਦਾਰ ਡਰੈਗ ਫਲਿੱਕਰ ਵਜੋਂ ਪਛਾਣ ਬਣੀ ਹੋਈ ਹੈ। ਉਹ ਵਿਸ਼ਵ ਕੱਪ 2018, ਰਾਸ਼ਟਰਮੰਡਲ ਤੇ ਏਸ਼ੀਅਨ ਖੇਡਾਂ 2018 (ਚਾਂਦੀ ਦਾ ਤਮਗਾ) 'ਚ ਦੇਸ਼ ਲਈ ਸ਼ਾਨਦਾਰ ਹਾਕੀ ਖੇਡਣ ਦੇ ਨਾਲ-ਨਾਲ ਬਹੁਤ ਸਾਰੇ ਮੁਲਕਾਂ ਖ਼ਿਲਾਫ਼ ਟੈਸਟ ਮੈਚ ਲੜੀਆਂ 'ਚ ਖੇਡ ਚੁੱਕੀ ਹੈ। ਏਸ਼ੀਅਨ ਖੇਡਾਂ 2018 'ਚ ਉਹ ਦੇਸ਼ ਲਈ ਸਭ ਤੋਂ ਵੱਧ ਗੋਲ ਕਰਨ ਵਾਲੀ ਖਿਡਾਰਨ ਵੀ ਬਣੀ। ਉਹ ਭਾਰਤੀ ਰੇਲਵੇ ਦੀ ਮੁਲਾਜ਼ਮ ਵੀ ਹੈ। ਨਾਮਵਰ ਅਥਲੀਟ ਮਨਦੀਪ ਕੌਰ ਚੀਮਾ ਤੋਂ ਬਾਅਦ ਗੁਰਜੀਤ ਕੌਰ ਕੈਰੋਂ ਸਕੂਲ ਦੀ ਦੂਸਰੀ ਖਿਡਾਰਨ ਹੈ, ਜੋ ਓਲੰਪਿਕ 'ਚ ਦੇਸ਼ ਦੀ ਅਗਵਾਈ ਕਰੇਗੀ। ਸਤਨਾਮ ਸਿੰਘ ਤੇ ਹਰਜਿੰਦਰ ਕੌਰ ਦੀ ਸਪੁੱਤਰੀ ਗੁਰਜੀਤ ਕੌਰ ਦੀ ਓਲੰਪਿਕ ਲਈ ਚੋਣ ਹੋਣ ' 'ਤੇ ਜ਼ਿਲ੍ਹਾ ਪੁਲਿਸ ਮੁਖੀ ਤਰਨਤਾਰਨ, ਧਰੂਮਨ ਐੱਚ ਨਿਬੂਲੇ, ਐੱਸਪੀ ਬਲਜੀਤ ਸਿੰਘ ਿਢੱਲੋਂ, ਐੱਸਪੀ ਤੇਜਬੀਰ ਸਿੰਘ, ਕੋਚ ਬਲਜਿੰਦਰ ਸਿੰਘ, ਕੋਚ ਹਰਜੀਤ ਸਿੰਘ, ਗੁਰਜੀਤ ਸਿੰਘ ਆਸਟ੍ਰੇਲੀਆ ਤੇ ਹੈਂਡਬਾਲ ਕੋਚ ਸਰੂਪ ਸਿੰਘ ਕੈਰੋਂ ਨੇ ਮੁਬਾਰਕਬਾਦ ਦਿੱਤੀ ਹੈ।