ਨਵਦੀਪ ਢੀਂਗਰਾ, ਪਟਿਆਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਤਵਾਰ ਰਾਤ 9 ਵਜੇ 9 ਮਿੰਟ ਲਈ ਬੱਤੀਆਂ ਬੰਦ ਕਰਕੇ ਦੀਵੇ ਜਗਾਉਣ ਦੇ ਸੱਦੇ ਤੋਂ ਬਾਅਦ ਦੇਸ਼ ਭਰ ਦੇ ਬਿਜਲੀ ਮਹਿਕਮਿਆਂ ਵਲੋਂ ਪਹਿਲਾਂ ਤੋਂ ਤਿਆਰ ਕਰ ਲਈ ਗਈ ਹੈ। ਆਲ ਇੰਡੀਆ ਲੋਡ ਡਿਸਪੈਚ ਸੈਂਟਰ ਨੇ ਬਿਜਲੀ ਦੀ ਮੰਗ ਘਟਣ ਸਬੰਧੀ ਸਮੂਹ ਡਵੀਜ਼ਨਾਂ ਨੂੰ ਚੌਕਸ ਕਰ ਦਿੱਤਾ ਹੈ ਤਾਂ ਜੋ ਇਕੋ ਸਮੇਂ ਬਿਜਲੀ ਮੰਗ ਘਟਣ 'ਤੇ ਕੋਈ ਨੁਕਸਾਨ ਨਾ ਹੋ ਸਕੇ।

ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਨੂੰ ਆਲ ਇੰਡੀਆ ਲੋਡ ਡਿਸਪੈਚ ਸੈਂਟਰ ਦੀ ਵੀਡਿਓ ਕਾਨਫਰੈਂਸਿੰਗ ਰਾਹੀਂ ਮੀਟਿੰਗ ਕੀਤੀ ਗਈ। ਜਿਸ ਵਿਚ ਬਿਜਲੀ ਦੀ ਪੈਦਾਵਾਰ ਤੇ ਮੰਗ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਸਿੱਟਾ ਕੱਢਿਆ ਗਿਆ ਹੈ ਕਿ ਅਨੁਮਾਨਤ ਬਿਜਲੀ ਦੀ ਮੰਗ ਘਟਣ ਅਨੁਸਾਰ ਪਹਿਲਾਂ ਤੋਂ ਹੀ ਗਰਿੱਡ ਪੱਧਰ 'ਤੇ ਪੂਰੀ ਤਿਆਰੀ ਰਹੇਗੀ। ਐਤਵਾਰ ਰਾਤ 9 ਵਜੇ ਤੋਂ ਕੁਝ ਸਮਾਂ ਪਹਿਲਾ ਗਰਿੱਡ 'ਤੇ ਤਾਇਨਾਤ ਮੁਲਾਜ਼ਮਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ ਤਾਂ ਜੋ ਬਿਜਲੀ ਮੰਗ ਤੇ ਪੈਦਾਵਾਰ ਕਰੈਸ਼ ਨਾ ਹੋ ਸਕੇ।

400 ਤੋਂ 500 ਮੈਗਾਵਾਟ ਮੰਗ ਘਟਣ ਦਾ ਅਨੁਮਾਨ

ਪਾਵਰ ਟਰਾਂਸਕਾਮ (ਪੀਐਸਟੀਸੀਐਲ) ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੇਸ਼ ਪੱਧਰ 'ਤੇ ਹੋਈ ਮੀਟਿੰਗ ਵਿਚ ਐਤਵਾਰ ਸਬੰਧੀ ਵਿਚਾਰ ਚਰਚਾ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਭਰ ਵਿਚ 400 ਤੋਂ 500 ਮੈਗਾਵਾਟ ਬਿਜਲੀ ਦੀ ਮੰਗ ਘਟਣ ਦਾ ਅਨੁਮਾਨ ਹੈ ਇਸ ਲਈ ਪਹਿਲਾਂ ਤੋਂ ਹੀ ਤਿਆਰੀ ਕਰ ਲਈ ਗਈ ਹੈ। ਇਸਦੇ ਨਾਲ ਹੀ ਪਾਵਰਕਾਮ (ਪੀਐਸਪੀਸੀਐਲ) ਦੇ ਸੀਨੀਅਰ ਇੰਜੀਨੀਅਰ ਨੇ ਦੱਸਿਆ ਕਿ ਓਵਰ ਲੋਡਿੰਗ ਦੀ ਜਗਾ ਅੰਡਰ ਲੋਡਿੰਗ ਨੂੰ ਸੰਭਾਲਣ ਸਭ ਤੋਂ ਔਖਾ ਹੈ। ਇਸ ਲਈ ਹੁਣ ਮਹਿਕਮਿਆਂ ਵਲੋਂ ਗਰਿੱਡ ਵਿਚ ਪੈਦਾ ਹੋ ਰਹੀ ਬਿਜਲੀ ਨੂੰ ਸਪੀਨਿੰਗ ਰਿਜ਼ਰਵ 'ਤੇ ਲਗਾ ਦਿੱਤਾ ਜਾਵੇਗਾ, ਜੋਕਿ ਬਹੁਤ ਹੀ ਤਕਨੀਕੀ ਤੇ ਬਰੀਕੀ ਵਾਲਾ ਕੰਮ ਹੈ। ਹਾਲਾਂਕਿ ਐਤਵਾਰ ਨੂੰ ਬਿਜਲੀ ਦੀ ਮੰਗ ਘਟੇਗੀ ਪਰ ਪਾਵਰਕਾਮ ਨੂੰ ਖਰਚਾ ਤਾਂ ਉਨਾਂ ਹੀ ਦੇਣਾ ਪੇਵਗਾ। ਬਿਜਲੀ ਪੈਦਾਵਾਰ ਬੰਦ ਹੋਣ 'ਤੇ ਵੀ ਖਰਚਾ ਤਾਂ ਉਨਾ ਹੀ ਪੈਣਾ ਹੈ।

ਕੋਈ ਚਿੰਤਾ ਵਾਲੀ ਗੱਲ ਨਹੀਂ : ਸੀਐਮਡੀ

ਪੰਜਾਬ ਰਾਜ ਬਿਜਲੀ ਨਿਗਮ ਦੇ ਸੀਐਮਡੀ ਇੰਜ. ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਇਸ ਵਿਚ ਕੋਈ ਵੱਡੀ ਚਿੰਤਾ ਵਾਲੀ ਗੱਲ ਨਹੀਂ ਹੈ। ਤਕਨੀਕੀ ਤੌਰ 'ਤੇ ਬਿਜਲੀ ਦੀ ਮੰਗ ਅਚਾਨਕ ਘਟਣ 'ਤੇ ਸੰਭਾਲਣਾ ਮੁਸ਼ਕਿਲ ਹੁੰਦਾ ਹੈ ਪਰ ਕਈ ਦਿਨ ਪਹਿਲਾਂ ਤੋਂ ਹੀ ਮਿਲੀ ਸੂਚਨਾ ਦੇ ਚੱਲਦਿਆਂ ਇਸ ਨੂੰ ਅਸਾਨੀ ਨਾਲ ਸੰਭਾਲਿਆ ਜਾ ਸਕਦਾ ਹੈ ਤੇ ਪਾਵਰਕਾਮ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ।

Posted By: Tejinder Thind