ਖ਼ੌਫ਼ਨਾਕ ਵਾਰਦਾਤ: ਜ਼ਮਾਨਤ 'ਤੇ ਬਾਹਰ ਆਏ ਗੈਂਗਸਟਰ ਨੇ 12ਵੀਂ ਦੇ ਵਿਦਿਆਰਥੀ ਨੂੰ ਮਾਰਿਆ ਛੁਰਾ, ਹਾਲਤ ਗੰਭੀਰ
ਦੋ ਸਾਲ ਪਹਿਲਾਂ ਸੀ.ਆਈ.ਏ. ਸਟਾਫ ਵੱਲੋਂ ਐਨਕਾਊਂਟਰ ਦੌਰਾਨ ਕਾਬੂ ਕੀਤੇ ਗਏ ਗੈਂਗਸਟਰ ਨੇ ਜ਼ਮਾਨਤ ’ਤੇ ਬਾਹਰ ਆਉਂਦਿਆਂ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਕੂਲੀ ਵਿਦਿਆਰਥੀ ’ਤੇ ਛੁਰੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਦੋਸ਼ ਹੈ ਕਿ ਗੈਂਗਸਟਰ ਨੇ ਇੱਕ ਸਾਲ ਪਹਿਲਾਂ ਆਪਣੇ ਦੋਸਤ ਨਾਲ ਹੋਏ ਝਗੜੇ ਦਾ ਬਦਲਾ ਲੈਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
Publish Date: Tue, 09 Jun 2026 08:51 AM (IST)
Updated Date: Tue, 09 Jun 2026 08:53 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਪਟਿਆਲਾ। ਦੋ ਸਾਲ ਪਹਿਲਾਂ ਸੀ.ਆਈ.ਏ. ਸਟਾਫ ਵੱਲੋਂ ਐਨਕਾਊਂਟਰ ਦੌਰਾਨ ਕਾਬੂ ਕੀਤੇ ਗਏ ਗੈਂਗਸਟਰ ਨੇ ਜ਼ਮਾਨਤ ’ਤੇ ਬਾਹਰ ਆਉਂਦਿਆਂ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਕੂਲੀ ਵਿਦਿਆਰਥੀ ’ਤੇ ਛੁਰੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਦੋਸ਼ ਹੈ ਕਿ ਗੈਂਗਸਟਰ ਨੇ ਇੱਕ ਸਾਲ ਪਹਿਲਾਂ ਆਪਣੇ ਦੋਸਤ ਨਾਲ ਹੋਏ ਝਗੜੇ ਦਾ ਬਦਲਾ ਲੈਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ 12ਵੀਂ ਜਮਾਤ ਦੇ ਵਿਦਿਆਰਥੀ ਨਿਤਿਨ ਪਾਂਡੇ ਵਾਸੀ ਸੁਖਰਾਮ ਕਾਲੋਨੀ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪਿੱਠ ਵਿੱਚ ਮਾਰਿਆ ਗਿਆ ਛੁਰਾ ਉਸ ਦੇ ਲੀਵਰ ਤੱਕ ਪਹੁੰਚ ਗਿਆ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜ਼ਖ਼ਮੀ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਅਨਾਜ ਮੰਡੀ ਪੁਲਿਸ ਨੇ ਗੈਂਗਸਟਰ ਮਲਕੀਤ ਸਿੰਘ ਉਰਫ਼ ਚਿੱਟਾ, ਕਰਨ ਵਾਸੀ ਅਲੀਪੁਰ, ਪਿੰਸ਼ਾ, ਗੁਰਪ੍ਰੀਤ ਸਿੰਘ ਅਤੇ ਗੁਰਦਿੱਤ ਸਿੰਘ ਵਾਸੀ ਬੰਨਾ ਰੋਡ ਪਟਿਆਲਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਸੀ।
ਪੀੜਤ ਵਿਦਿਆਰਥੀ ਦੇ ਅਨੁਸਾਰ ਉਹ 12ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਮੁਲਜ਼ਮ ਉਸ ਦੇ ਮੁਹੱਲੇ ਵਿੱਚ ਹੀ ਰਹਿੰਦੇ ਹਨ। ਕਰੀਬ ਇੱਕ ਸਾਲ ਪਹਿਲਾਂ ਉਸ ਦੀ ਕਰਨ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ ਸੀ। ਇਸ ਦੇ ਬਾਵਜੂਦ ਕਰਨ ਨੇ ਮਨ ਵਿੱਚ ਰੰਜਿਸ਼ ਰੱਖੀ ਹੋਈ ਸੀ।
ਪੀੜਤ ਦਾ ਦੋਸ਼ ਹੈ ਕਿ ਜਿਵੇਂ ਹੀ ਕਰਨ ਦਾ ਦੋਸਤ ਗੈਂਗਸਟਰ ਮਲਕੀਤ ਸਿੰਘ ਚਿੱਟਾ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਤਾਂ ਉਸ ਨੇ ਉਸ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਈ। 5 ਜੂਨ ਦੀ ਰਾਤ ਕਰੀਬ 9 ਵਜੇ ਉਹ ਬੰਨਾ ਰੋਡ 'ਤੇ ਸੋਨੂ ਚਿਕਨ ਦੇ ਨਜ਼ਦੀਕ ਖੜ੍ਹਾ ਸੀ। ਇਸ ਦੌਰਾਨ ਕਰਨ, ਮਲਕੀਤ ਚਿੱਟਾ ਅਤੇ ਉਨ੍ਹਾਂ ਦੇ ਹੋਰ ਸਾਥੀ ਉੱਥੇ ਪਹੁੰਚ ਗਏ ਅਤੇ ਉਸ 'ਤੇ ਛੁਰਿਆਂ ਨਾਲ ਹਮਲਾ ਕਰ ਦਿੱਤਾ।
ਹਮਲੇ ਦੌਰਾਨ ਨਿਤਿਨ ਦੇ ਦੋਸਤ ਆਪਣੀ ਜਾਨ ਬਚਾ ਕੇ ਮੌਕੇ ਤੋਂ ਭੱਜ ਗਏ, ਜਦਕਿ ਮੁਲਜ਼ਮਾਂ ਨੇ ਨਿਤਿਨ 'ਤੇ ਲਗਾਤਾਰ ਹਮਲਾ ਜਾਰੀ ਰੱਖਿਆ। ਦੋਸ਼ ਹੈ ਕਿ ਛੁਰਾ ਮਾਰਨ ਤੋਂ ਬਾਅਦ ਉਸ ਨੂੰ ਇੱਟਾਂ ਨਾਲ ਵੀ ਕੁੱਟਿਆ ਗਿਆ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਥਾਣਾ ਅਨਾਜ ਮੰਡੀ ਦੇ ਮੁਖੀ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਨੇ ਦੱਸਿਆ ਕਿ ਸਾਰੇ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਦੋ ਸਾਲ ਪਹਿਲਾਂ ਐਨਕਾਊਂਟਰ ਦੌਰਾਨ ਹੋਇਆ ਸੀ ਕਾਬੂ
ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਸੀਆਈਏ ਸਟਾਫ ਦੇ ਉਸ ਸਮੇਂ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਪਸਿਆਣਾ ਥਾਣਾ ਖੇਤਰ ਵਿੱਚ ਇੱਕ ਐਨਕਾਊਂਟਰ ਤੋਂ ਬਾਅਦ ਮਲਕੀਤ ਸਿੰਘ ਚਿੱਟੇ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਮੁਤਾਬਕ ਉਹ ਐਸ.ਕੇ. ਖਰੌੜ ਗੈਂਗ ਨਾਲ ਸੰਬੰਧਿਤ ਸੀ ਅਤੇ ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ ਸਮੇਤ ਛੇ ਤੋਂ ਵੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਸਨ। ਐਨਕਾਊਂਟਰ ਦੌਰਾਨ ਉਸ ਦੇ ਪੈਰ ਵਿੱਚ ਗੋਲੀ ਲੱਗੀ ਸੀ ਅਤੇ ਉਸ ਦੇ ਕਬਜ਼ੇ ਵਿੱਚੋਂ 32 ਬੋਰ ਦੀ ਪਿਸਤੌਲ ਅਤੇ ਛੇ ਜਿੰਦਾ ਕਾਰਤੂਸ ਬਰਾਮਦ ਹੋਏ ਸਨ।