ਸੰਜੀਵ ਸ਼ਰਮਾ, ਨਾਭਾ : ਜ਼ਿਲ੍ਹੇ ਦੇ ਨਾਭਾ 'ਚ ਇਕ ਅਨੋਖਾ ਵਿਆਹ ਹੋਇਆ। ਇਸ 'ਚ ਲਾੜਾ-ਲਾੜੀ ਨੇ ਵਿਆਹ ਕਰਵਾਇਆ। ਇਸ ਤੋਂ ਬਾਅਦ ਲਾੜੀ ਦੀ ਵਿਦਾਈ ਵੀ ਹੋਈ, ਪਰ ਬਿਨਾਂ ਲਾੜੇ ਤੋਂ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਮਨਜ਼ੂਰੀ ਤਹਿਤ ਨਾਭਾ ਦੀ ਅਤਿ ਸੁਰੱਖਿਆ ਜੇਲ੍ਹ ਅੰਦਰ ਗੈਂਗਸਟਰ ਦੀਆਂ ਬੁੱਧਵਾਰ ਨੂੰ ਲਾਵਾਂ ਕਰਵਾਈਆਂ ਗਈਆਂ। ਜੇਲ੍ਹ ਵਿਚ ਬੰਦ ਗੈਂਗਸਟਰ ਮਨਦੀਪ ਧਰੁਵ ਨੂੰ ਵਿਆਹ ਕਰਵਾਉਣ ਦੀ ਮਨਜੂਰੀ ਦੇਣ ਦੇ ਨਾਲ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਅੰਦਰ ਹੀ ਪੂਰੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਸਨ, ਜਿਸ ਤਹਿਤ ਅੱਜ ਜੇਲ੍ਹ ਦੇ ਕੁਆਟਰਾਂ ਵਿਚ ਸਥਿਤ ਗੁਰਦੁਆਰਾ ਸਾਹਿਬ ਵਿਚ ਗੈਂਗਸਟਰ ਦਾ ਵਿਆਹ ਹੋਇਆ। ਜੇਲ੍ਹ ਅੰਦਰ ਸਵੇਰੇ ਕਰੀਬ 10 ਵਜੇ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ ਜਿਸਦੇ ਪੂਰਾ ਹੋਣ ਤੋਂ ਬਾਅਦ 4 ਵਜੇ ਮਨਦੀਪ ਦਾ ਪਰਿਵਾਰ ਆਪਣੀ ਨੂੰਹ ਨੂੰ ਨਾਲ ਲੈ ਕੇ ਘਰ ਚਲਾ ਗਿਆ।

ਜਾਣਕਾਰੀ ਅਨੁਸਾਰ ਬੁੱਧਵਾਰ ਦੀ ਸਵੇਰ ਤੋਂ ਹੀ ਨਾਭਾ ਦੀ ਅਤਿ ਸੁਰੱਖਿਆ ਜੇਲ੍ਹ ਦੇ ਬਾਹਰ ਫੋਰਸ ਤਾਇਨਾਤ ਕਰ ਦਿੱਤੀ ਗਈ। ਕਰੀਬ 9 ਵਜੇ ਲਾਲ ਜੋੜੇ ਵਿਚ ਸਜੀ ਦੁਲਹਨ ਕਾਰ ਵਿਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਜੇਲ੍ਹ 'ਚ ਦਾਖਲ ਹੋਈ। ਉਮਰ ਕੈਦ ਸਜ਼ਾ ਯਾਫ਼ਤਾ ਗੈਂਗਸਟਰ ਮਨਦੀਪ ਨੂੰ ਜੇਲ੍ਹ ਦੀ ਡਿਓਢੀ ਤੋਂ ਬਾਹਰ ਕੱਢਿਆ ਗਿਆ। ਸੂਤਰਾਂ ਅਨੁਸਾਰ ਜੇਲ੍ਹ ਅੰਦਰ ਮਨਦੀਪ ਦੀ ਮਾਂ ਉਸਦਾ ਇਕ ਭਾਣਜਾ ਜਦਕਿ ਲੜਕੀ ਵੱਲੋਂ ਉਸਦੀ ਮਾਂ ਤੇ ਭਰਾ ਤੇ ਕੁਝ ਹੋਰ ਪਰਿਵਾਰਕ ਮੈਂਬਰ ਸ਼ਾਮਲ ਹੋਏ।

ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਕੈਦੀ ਮਨਦੀਪ ਧਰੁਵ ਦਾ ਜੇਲ੍ਹ ਅੰਦਰ ਵਿਆਹ ਦੀਆਂ ਰਸਮਾਂ 6 ਘੰਟੇ ਵਿਚ ਪੂਰੀਆਂ ਕੀਤੀਆਂ ਗਈਆਂ। ਧਰੁਵ ਕਤਲ ਕੇਸ ਵਿਚ ਕੈਦੀ ਹੈ ਤੇ ਚਾਰ ਕੇਸ ਸੁਣਵਾਈ ਅਧੀਨ ਹਨ। ਦੱਸਣਾ ਬਣਦਾ ਹੈ ਕਿ ਗੈਂਗਸਰ ਮਨਦੀਪ ਧਰੁਵ ਮੋਗਾ ਜਿਲ੍ਹੇ ਵਿਚ ਇਕ ਸਰਪੰਚ ਤੇ ਉਸਦੇ ਗੰਨਮੈਨ ਦੇ ਦੋਹਰੇ ਕਤਲ ਵਿਚ ਨਾਭਾ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਮਨਦੀਪ ਨੇ ਹਾਈਕੋਰਟ ਵਿਚ ਅਰਜ਼ੀ ਦਾਇਰ ਕੀਤੀ ਸੀ ਕਿ ਉਹ 10 ਸਾਲ ਤੋਂ ਜੇਲ੍ਹ ਵਿਚ ਬੰਦ ਹੈ ਤੇ 2016 ਵਿਚ ਵੀ ਵਿਆਹ ਕਰਵਾਉਣ ਸਬੰਧੀ ਛੁੱਟੀ ਦੀ ਮੰਗ ਕੀਤੀ ਸੀ ਪਰ ਮਨਜ਼ੂਰੀ ਨਹੀਂ ਮਿਲੀ। ਜਿਸਤੋਂ ਬਾਅਦ ਹੁਣ ਵਿਆਹ ਕਰਵਾਉਣ ਲਈ ਇਕ ਮਹੀਨੇ ਦੀ ਛੁੱਟੀ ਦੀ ਮੰਗ ਕੀਤੀ। ਹਾਈ ਕੋਰਟ ਵੱਲੋਂ ਛੁੱਟੀ ਦੀ ਅਰਜ਼ੀ ਨਾਮਨਜ਼ੂਰ ਕਰਦਿਆਂ ਜੇਲ੍ਹ ਦੇ ਅੰਦਰ ਹੀ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਦੇ ਹੁਕਮ ਦਿੱਤੇ।