ਜਗਨਾਰ ਸਿੰਘ ਦੁਲੱਦੀ, ਨਾਭਾ : ਪੰਜਾਬ ਦੀਆਂ ਜੇਲ੍ਹਾਂ ਅਕਸਰ ਚਰਚਾ ਵਿੱਚ ਰਹਿੰਦੀਆਂ ਹਨ। ਜੇਲ੍ਹਾਂ ਵਿੱਚੋਂ ਗੈਂਗਸਟਰਾਂ ਕੋਲੋਂ ਮੋਬਾਈਲ ਤੇ ਨਸ਼ੇ ਦਾ ਸਾਮਾਨ ਮਿਲਣ ਦੇ ਨਾਲ-ਨਾਲ ਲੋਕਾਂ ਤੋਂ ਫਿਰੌਤੀਆਂ ਦੀ ਮੰਗ ਕਰਨਾ ਆਮ ਸੁਣਨ ਤੇ ਵੇਖਣ ਨੂੰ ਮਿਲਦਾ ਹੈ ਤੇ ਅੱਜ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਉਸ ਸਮੇਂ ਫਿਰ ਚਰਚਾ 'ਚ ਆਈ ਜਦੋਂ ਸਵੇਰ ਵੇਲੇ ਗੈਂਗਸਟਰ ਸੁਖਪਾਲ ਸਿੰਘ ਵੱਲੋਂ ਆਪਣੀ ਬੈਰਕ 'ਚ ਲੱਗੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਸਮਾਂ ਰਹਿੰਦੇ ਜੇਲ੍ਹ ਵਾਰਡਨ ਵੱਲੋਂ ਉਸ ਨੂੰ ਤੁਰੰਤ ਬਚਾਇਆ ਗਿਆ। ਇਸ ਉਪਰੰਤ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਭਰਤੀ ਕਰਾਇਆ ਗਿਆ ਜਿੱਥੇ ਗੈਂਗਸਟਰ ਸੁਖਪਾਲ ਸਿੰਘ ਜ਼ੇਰੇ ਇਲਾਜ ਹੈ।

ਗੈਂਗਸਟਰ ਸੁਖਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਨੇ ਆਪਣੀ ਪਤਨੀ ਤੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਕਿਹਾ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ ਤੇ ਉਸ ਦੀ ਸੱਤ ਸਾਲ ਦੀ ਬੇਟੀ ਵੀ ਉਸ ਦੀ ਪਤਨੀ ਦੇ ਨਾਲ ਹੈ। ਸੁਖਪਾਲ ਸਿੰਘ ਨੇ ਕਿਹਾ ਕਿ ਉਸ ਨੂੰ ਖ਼ਤਰਾ ਹੈ ਕਿ ਉਹ ਉਸ ਦੀ ਪਤਨੀ ਉਸ ਦੀ ਬੇਟੀ ਨੂੰ ਵੇਚ ਜਾਂ ਮਰਵਾ ਸਕਦੀ ਹੈ।

ਸੁਖਪਾਲ ਸਿੰਘ ਪਿਛਲੇ ਇਕ ਸਾਲ ਤੋਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਬੰਦ ਹੈ ਅਤੇ ਉਹ A ਗਰੇਡ ਦਾ ਗੈਂਗਸਟਰ ਹੈ ਤੇ ਸੁਖਪਾਲ ਸਿੰਘ ਕਾਲਾ ਧਨੌਲਾ ਗਰੁੱਪ ਦਾ ਬੰਦਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਨਾਜਰ ਸਿੰਘ ਨੇ ਕਿਹਾ ਕਿ ਉਸ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ ਜਿੱਥੇ ਸੁਖਪਾਲ ਸਿੰਘ ਦਾ ਇਲਾਜ ਚੱਲ ਰਿਹਾ ਹੈ। ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਸੁਖਪਾਲ ਸਿੰਘ ਆਪਣੀ ਪਤਨੀ ਕਰਕੇ ਪਰੇਸ਼ਾਨ ਰਹਿੰਦਾ ਹੈ। ਇਸ ਕਰਕੇ ਉਸ ਨੇ ਇਹ ਕਦਮ ਚੁੱਕਿਆ ਪਰ ਸਮਾਂ ਰਹਿੰਦੇ ਇਸ ਨੂੰ ਦੇਖ ਲਿਆ ਗਿਆ ਤੇ ਬਚਾ ਲਿਆ ਗਿਆ।

Posted By: Seema Anand