ਸਟਾਫ ਰਿਪੋਰਟਰ, ਪਟਿਆਲਾ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਖਾਣ-ਪੀਣ ਦੀਆਂ ਮਿਆਰੀ ਵਸਤਾਂ ਮੁਹੱਈਆ ਕਰਵਾਉਣ ਲਈ ਆਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੇਅਰੀ ਵਿਭਾਗ ਵੱਲੋਂ ਦੁੱਧ ਦੀ ਗੁਣਵੱਤਾ ਦੀ ਜਾਂਚ ਲਈ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਅਸ਼ੋਕ ਰੌਣੀ ਨੇ ਦੱਸਿਆ ਕਿ ਜੇ ਕਰ ਕਿਸੇ ਵੀ ਵਿਅਕਤੀ ਨੂੰ ਆਪਣੇ ਘਰ ਵਿੱਚ ਆਉਂਦੇ ਦੁੱਧ ਦੀ ਗੁਣਵੱਤਾ 'ਤੇ ਸ਼ੱਕ ਹੈ ਤਾਂ ਉਹ ਡੇਅਰੀ ਵਿਭਾਗ ਕੋਲ ਮੁਫ਼ਤ ਵਿੱਚ ਦੁੱਧ ਦੀ ਜਾਂਚ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਮਿਆਰੀ ਦੁੱਧ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਦੁੱਧ ਦੀ ਗੁਣਵੱਤਾ ਨੂੰ ਘਟਾਉਣ ਵਾਲਿਆਂ 'ਤੇ ਨਕੇਲ ਕੱਸਣਾ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 39 ਕੈਂਪ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚ 1092 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ ਅਤੇ ਜਿਸ ਵਿਚੋਂ 544 ਸੈਂਪਲ ਮਿਆਰ ਅਨੁਸਾਰ ਅਤੇ 548 ਸੈਂਪਲਾਂ ਵਿੱਚ ਪਾਣੀ ਦੀ ਮਾਤਰਾ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਸਟੇਟ ਬੈਂਕ ਆਫ਼ ਇੰਡੀਆ ਤੇ ਐਲ.ਸੀ.ਪੀ.ਸੀ. ਪਟਿਆਲਾ ਦੇ ਸਹਿਯੋਗ ਨਾਲ ਅਰਬਨ ਅਸਟੇਟ ਫੇਸ 3 ਵਿਖੇ ਦੁੱਧ ਦੀ ਜਾਂਚ ਦਾ ਕੈਂਪ ਲਗਾਇਆ ਗਿਆ ਵਿਚ ਵਿੱਚ 105 ਸੈਂਪਲਾਂ ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ ਵਿੱਚੋਂ 35 ਸੈਂਪਲ ਮਿਆਰ ਅਨੁਸਾਰ ਅਤੇ 70 ਸੈਂਪਲਾਂ ਵਿੱਚ ਪਾਣੀ ਦੀ ਮਾਤਰਾ 10 ਤੋਂ 45 ਪ੍ਰਤੀਸ਼ਤ ਤੱਕ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸੈਂਪਲਾਂ ਦੀ ਯੂਰੀਆ, ਸਟਾਰਚ, ਸੋਡਾ, ਸ਼ੂਗਰ, ਨਿਉਟਰਲਾਈਜ਼ਰ ਆਦਿ ਕੈਮੀਕਲਾਂ ਦੀ ਜਾਂਚ ਵੀ ਨਾਲ ਹੀ ਕੀਤੀ ਗਈ ਪਰ ਕਿਸੇ ਵੀ ਸੈਂਪਲ 'ਚ ਕੋਈ ਵੀ ਹਾਨੀਕਾਰਕ ਕੈਮੀਕਲ ਨਹੀਂ ਪਾਇਆ ਗਿਆ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਦੁੱਧ ਦੀ ਜਾਂਚ ਦੇ ਕੈਂਪ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਗਾਏ ਜਾਂਦੇ ਹਨ ਅਤੇ ਕੈਂਪ ਦੌਰਾਨ ਲੋਕਾਂ ਨੂੰ ਦੁੱਧ ਦੀ ਗੁਣਵੱਤਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਅੱਜ ਦੇ ਕੈਂਪ ਵਿੱਚ ਏ.ਜੀ.ਐਮ ਮਲਖਨ ਸਿੰਘ, ਚੀਫ ਮੈਨੇਜਰ ਸ਼ੇਰ ਸਿੰਘ, ਦਿਨੇਸ਼ ਸ਼ੁਕਲਾ, ਕੁਮਾਰ ਮਿੱਤਲ, ਰਾਮ ਲਾਲ, ਜਸਵੀਰ ਸਿੰਘ, ਰਾਕੇਸ਼ ਵਰਮੀ, ਪਿ੍ਰਤਪਾਲ ਸਿੰਘ, ਸਰਬਜੀਤ ਸਿੰਘ ਗਿੱਲ ਸਮੇਤੀ ਡੇਅਰੀ ਵਿਭਾਗ ਦੇ ਕਰਮਚਾਰੀ ਮੌਜੂਦ ਸਨ।