ਸਟਾਫ ਰਿਪੋਰਟਰ, ਪਟਿਆਲਾ : ਆਪਣੇ ਆਪ ਨੂੰ ਸਾਬਕਾ ਐਮਐਲਏ ਦੱਸ ਕੇ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਖਿਲਾਫ ਥਾਣਾ ਸਿਵਲ ਲਾਇਨੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਫਿਲਹਾਲ ਮੁਲਜਮ ਤੇ ਉਸਦੇ ਸਾਥੀ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਸਥਾਨਕ 22 ਨੰਬਰ ਫਾਟਕ ਨਿਵਾਸੀ ਰਕੇਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿਚ ਉਸਦਾ ਖੂਬਸੂਰਤ ਨਾਮ 'ਤੇ ਮੈਰਿਜ ਪੈਲੇਸ ਹੈ। ਵਰਿੰਦਰ ਕੁਮਾਰ ਉਰਫ ਬੌਬੀ ਸਿਰਸਵਾਲ ਨੇ ਪੈਲੇਸ ਨਾਲ ਲੱਗਦੀ ਦੁਕਾਨ ਕਿਰਾਏ 'ਤੇ ਲਈ ਸੀ ਤੇ ਆਪਣੇ ਆਪ ਨੂੰ ਅੰਬਾਲਾ ਦਾ ਸਾਬਕਾ ਐਮਐਲਏ ਤੇ ਕਾਂਗਰਸੀ ਵਰਕਰ ਦੱਸਦਾ ਸੀ। ਪੈਲੇਸ ਦੀ ਚੇਂਜ ਆਫ ਲੈਂਡ (ਸੀਐਲਯੁ) ਨੂੰ ਲੈ ਕੇ ਨਿਗਮ ਨਾਲ ਮਸਲਾ ਚੱਲ ਰਿਹਾ ਸੀ। ਰਕੇਸ਼ ਅਨੁਸਾਰ ਵਰਿੰਦਰ ਨੇ ਆਪਣੀ ਪਹੁੰਚ ਹੋਣ ਦਾ ਕਹਿ ਕੇ ਮਸਲਾ ਹੱਲ ਕਰਵਾਉਣ ਲਈ 15 ਲੱਖ ਰੁਪਏ ਲੈ ਲਏ ਸਨ। ਸਾਲ 2017 ਵਿਚ ਅਦਾਲਤ ਵਲੋਂ ਪੈਲੇਸ ਸੀਲ ਕਰ ਦਿੱਤਾ ਗਿਆ ਸੀ ਇਸਦਾ ਫਾਇਦਾ ਚੁੱਕਦਿਆਂ ਰਵਿੰਦਰ ਨੇ ਆਪਣੇ ਵਿਜ਼ੀਟਿੰਗ ਕਾਰਡ ਵੀ ਖੂਬਸੂਰਤ ਪੈਲੇਸ ਦੇ ਨਾਮ 'ਤੇ ਛਪਵਾ ਲਿਆ ਤੇ ਪਾਣੀਪਤ ਨੂੰ 5 ਲੱਖ ਦੀ ਖ੍ਰੀਦਦਾਰੀ ਕਰ ਲਈ ਤੇ ਗਲਤ ਚੈਕ ਦੇ ਦਿੱਤਾ।

ਇਸੇ ਤਰ੍ਹਾਂ ਵਰਿੰਦਰ ਉਰਫ ਬੌਬੀ ਨੇ ਬਹਾਦਰ ਸਿੰਘ ਵਾਸੀ ਹਲਵਾਰਾ ਨੂੰ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ 5 ਲੱਖ ਰੁਪਏ ਤੇ ਸੁਭਾਸ਼ ਆਹੂਜਾ ਵਾਸੀ ਅਫਸਰ ਕਲੋਨੀ ਤੋਂ ਵੀ ਬਦਲੀ ਕਰਵਾਉ ਲਈ 3 ਲੱਖ 50 ਹਜ਼ਾਰ ਰੁਪਏ ਲੈ ਲਏ ਸਨ। ਬਦਲੀ ਨਾ ਹੋਣ 'ਤੇ ਰਕਮ ਵਾਪਸ ਮੰਗੀ ਤਾਂ ਕਿਸੇ ਹੋਰ ਦਾ ਪਲਾਟ ਦਿਖਾ ਕੇ ਦੇਣ ਦੀ ਗੱਲ ਕੀਤੀ। ਰਕੇਸ਼ ਅਨੁਸਾਰ ਵਰਿੰਦਰ ਕੁਮਾਰ ਨੇ ਅਜੇ ਕੁਮਾਰ ਤੇ ਸੰਜੇ ਰਾਣਾ ਦੇ ਨਾਲ ਮਿਲ ਕੇ ਠੱਗੀ ਮਾਰੀ ਹੈ। ਦੋਸ਼ ਹੈ ਕਿ ਵਰਿੰਦਰ ਕੁਮਾਰ ਨੇ ਹੋਰਨਾਂ ਲੋਕਾਂ ਨੂੰ ਵੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਈ ਲੋਕਾਂ ਨਾਲ ਠੱਗੀਆਂ ਮਾਰੀਆਂ ਹਨ।

Posted By: Jagjit Singh