ਸਟਾਫ ਰਿਪੋਰਟਰ, ਪਟਿਆਲਾ: ਜ਼ਿਲ੍ਹੇ ਦੇ ਇਲਾਕੇ ਬਾਦਸ਼ਾਹਪੁਰ ਵਿਖੇ ਗੈਂਗ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਵਿਖੇ ਰੇਡੀਮੇਡ ਕੱਪੜੇ ਵੇਚਣ ਦਾ ਕੰਮ ਕਰਨ ਵਾਲੀ ਲੜਕੀ ਨੂੰ ਬਾਦਸ਼ਾਹਪੁਰ ਵਿਖੇ ਬੁਲਾ ਕੇ ਚਾਰ ਵਿਅਕਤੀਆਂ ਵਲੋਂ ਉਸ ਨਾਲ ਜਬਰ ਜਨਾਹ ਕੀਤਾ ਗਿਆ। ਇਸ ਸਬੰਧੀ ਥਾਣਾ ਘੱਗਾ ਵਿਖੇ ਗੁਰਦੇਵ ਸਿੰਘ ਪਿੰਡ ਕਿਸੌਰ, ਕੁਲਦੀਪ ਸਿੰਘ ਬਾਦਸ਼ਾਹਪੁਰ ਤੇ ਦੋ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਕੋਲ ਦਰਜ ਸ਼ਿਕਾਇਤ ਅਨੁਸਾਰ ਪੀੜਤਾ ਬਠਿੰਡਾ ਵਿਚ ਰੈਡੀਮੇਡ ਕੱਪੜਿਆਂ ਦਾ ਕੰਮ ਕਰਦੀ ਹੈ, ਇਸੇ ਕਰਕੇ ਉਸਦੀ ਪਛਾਣ ਪਿੰਡ ਕਿਸੌਰ ਵਾਸੀ ਗੁਰਦੇਵ ਸਿੰਘ ਨਾਲ ਹੋ ਗਈ ਸੀ। 25 ਨਵੰਬਰ ਦੀ ਸਵੇਰ ਕਰੀਬ 9 ਵਜੇ ਗੁਰਦੇਵ ਸਿੰਘ ਨੇ ਪੀੜਤਾ ਨੂੰ ਫੋਨ ਕਰਕੇ ਕੱਪੜਿਆਂ ਦਾ ਨਵਾਂ ਸਟਾਕ ਆ ਕੇ ਲੈ ਜਾਣ ਲਈ ਕਿਹਾ। ਜਿਸ 'ਤੇ ਪੀੜਤਾ ਬਠਿੰਡਾ ਤੋਂ ਬੱਸ ਰਾਹੀਂ ਪਾੜਤਾਂ ਦੁਪਹਿਰ ਕਰੀਬ ਇਕ ਵਜੇ ਪੁੱਜ ਗਈ। ਪੀੜਤਾ ਅਨੁਸਾਰ, ਪਾਤੜਾਂ ਦੇ ਸੰਗਰੂਰ ਕੈਂਚੀਆਂ ਕੋਲ ਗੁਰਦੇਵ ਨਾਲ ਇਕ ਹੋਰ ਆਦਮੀ ਇਸਨੂੰ ਕਾਰ ਵਿਚ ਬਿਠਾ ਕੇ ਘੱਗਾ ਵੱਲ ਲੈ ਗਏ। ਘੱਗਾ ਪੁੱਜ ਕੇ ਇਥੇ ਮੌਜੂਦ ਕੁਲਦੀਪ ਸਿੰਘ ਨੂੰ ਵੀ ਕਾਰ ਵਿਚ ਬਿਠਾ ਲਿਆ ਤੇ ਪਿੰਡ ਕਲਵਾਨੂੰ ਕੋਲ ਬਾਦਾਸ਼ਾਹਪੁਰ ਤੋਂ ਥੋੜ੍ਹਾ ਅੱਗੇ ਇਕ ਮਕਾਨ ਵਿਚ ਲੈ ਗਏ।

ਸ਼ਿਕਾਇਤ ਕਰਤਾ ਅਨੁਸਾਰ ਮਕਾਨ ਵਿਚ ਪਹਿਲਾਂ ਤੋਂ ਹੀ ਇਕ ਲੰਗੜਾ ਵਿਅਕਤੀ ਵੀ ਮੌਜੂਦ ਸੀ ਤੇ ਉਸਨੂੰ ਵੀ ਇਕ ਕਮਰੇ ਵਿਚ ਬਿਠਾ ਦਿੱਤਾ। ਦੋਸ਼ ਹੈ ਕਿ ਕਮਰੇ ਵਿਚ ਬਿਠਾ ਕੇ ਸਾਰਿਆਂ ਨੇ ਵਾਰੋ-ਵਾਰੀ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਉਸਨੂੰ ਫਿਰ ਕਾਰ ਵਿਚ ਬਿਠਾ ਕੇ ਪਾਤੜਾਂ ਛੱਡ ਕੇ ਚਲੇ ਗਏ। ਸ਼ਿਕਾਇਤਕਰਤਾ ਵਲੋਂ ਇਥੇ ਹੀ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ।

ਮਾਮਲਾ ਦੀ ਜਾਂਚ ਕਰ ਰਹੀ ਐਸ.ਆਈ ਅਮਨਦੀਪ ਕੌਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੇ ਬਿਆਨ ਦੇ ਅਧਾਰ 'ਤੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਮੁਲਜਮਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Posted By: Jagjit Singh