ਪੰਜਾਬ ਦੇ ਕੱਦਾਵਰ ਸਿੱਖਿਆ ਸ਼ਾਸਤਰੀ, ਸਾਡੇ ਪ੍ਰੇਰਨਾ ਸਰੋਤ ਤੇ ਵੱਡੇ ਚਿੰਤਕ ਡਾ. ਹਰਭਜਨ ਸਿੰਘ ਦਿਓਲ ਦਾ ਅੱਜ ਪਟਿਆਲਾ ਵਿਖੇ ਤੜਕਸਾਰ ਚਾਰ ਵਜੇ ਦੇਹਾਂਤ ਹੋ ਗਿਆ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੋਪਾਰਾਏ ਕਲਾਂ ਦੇ ਪ੍ਰਿੰਸੀਪਲ ਇਕਬਾਲ ਸਿੰਘ (ਬਾਨੀ ਗੁਰੂਸਰ ਸਧਾਰ ਵਿਦਿਅਕ ਸੰਸਥਾਵਾਂ ਤੇ ਸਾਬਕਾ ਵਿਧਾਇਕ) ਦੇ ਇਕਲੌਤੇ ਸਪੁੱਤਰ ਡਾ. ਦਿਓਲ ਸਿੱਖ ਨੈਸ਼ਨਲ ਕਾਲਜ ਬੰਗਾ, ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸਧਾਰ (ਲੁਧਿਆਣਾ) ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪੜ੍ਹਾਉਂਦੇ ਰਹੇ ਹਨ।

1980 'ਚ ਉਹ ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਪ੍ਰਧਾਨ ਬਣੇ। ਆਪ ਨੂੰ ਪੀਪੀਐੱਸਸੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਜਿਸ ਤੋਂ 1984 'ਚ ਦਰਬਾਰ ਸਾਹਿਬ ਤੇ ਹਮਲੇ ਵੇਲੇ ਅਸਤੀਫ਼ਾ ਦੇ ਦਿੱਤਾ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਲੋਕ ਪ੍ਰਸ਼ਾਸਨ 'ਚ ਡਾਕਟਰੇਟ ਕੀਤੀ। ਸੁਰਜੀਤ ਸਿੰਘ ਬਰਨਾਲਾ ਸਰਕਾਰ ਨੇ ਆਪ ਨੂੰ ਪੰਜਾਬ ਰਾਜ ਬਿਜਲੀ ਬੋਰਡ ਦਾ ਪ੍ਰਸ਼ਾਸਨਿਕ ਮੈਂਬਰ ਨਾਮਜ਼ਦ ਕੀਤਾ। ਸਿੱਖਿਆ ਤੰਤਰ 'ਚ ਗੂੜ੍ਹੀਆਂ ਦਿਲਚਸਪੀਆਂ ਕਾਰਨ ਪੰਜਾਬੀ ਯੂਨੀਵਰਸਿਟੀ 'ਚ ਲੋਕ ਪ੍ਰਸ਼ਾਸਨ ਦੇ ਪ੍ਰੋਫੈਸਰ ਤੇ ਮੁਖੀ ਰਹੇ।

ਡਾ. ਹਰਭਜਨ ਸਿੰਘ ਦਿਓਲ ਪੰਜਾਬੀ, ਅੰਗਰੇਜ਼ੀ ਤੇ ਉਰਦੂ ਦੇ ਸਫ਼ਲ ਲੇਖਕ ਸਨ। ਵਾਰਤਕ ਕਵਿਤਾ ਤੇ ਟਰੇਡ ਯੂਨੀਅਨਾਂ ਬਾਰੇ ਆਪ ਦੀਆਂ ਲਿਖਤਾਂ ਪਾਠਕਾਂ ਨੇ ਖ਼ੂਬ ਪ੍ਰਵਾਨ ਕੀਤੀਆਂ। ਮੁਕਤਸਰ ਦੇ ਪ੍ਰਸਿੱਧ ਸਮਾਜਿਕ ਆਗੂ ਤੇ ਸਿਰਕੱਢ ਡਾਕਟਰ ਕੇਹਰ ਸਿੰਘ ਸਿੱਧੂ ਦੀ ਧੀ ਬਲਵੰਤ ਕੌਰ ਨਾਲ ਜੀਵਨ ਸਾਥ ਨਿਭਾਉਣ ਵਾਲੇ ਡਾ. ਦਿਓਲ ਵਿਸ਼ਾਲ ਪਰਿਵਾਰ ਪਿੱਛੇ ਛੱਡ ਗਏ ਹਨ।

ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ 31 ਅਕਤੂਬਰ ਨੂੰ ਪਟਿਆਲਾ ਵਿਖੇ ਦੁਪਹਿਰੇ 12 ਵਜੇ ਹੋਵੇਗਾ। ਆਪਣੇ ਪੱਕੇ ਸੰਗੀ ਸਾਥੀਆਂ ਬੇਲੀਆਂ ਪ੍ਰੋ. ਸੁਰਜੀਤ ਸਿੰਘ ਪੰਨੂੰ, ਪ੍ਰੋ. ਗੁਣਵੰਤ ਸਿੰਘ ਦੂਆ, ਪ੍ਰੋ. ਜਗਮੋਹਨ ਸਿੰਘ ਸਮਰਾਲਾ, ਪ੍ਰੋ. ਗੁਰਬੀਰ ਸਿੰਘ ਸਰਨਾ, ਹਰਨੇਕ ਸਿੰਘ ਸਰਾਭਾ ਵਾਂਗ ਭਾਅ ਜੀ ਹਰਭਜਨ ਸਿੰਘ ਦਿਉਲ

ਵੀ ਹੁਣ ....

ਡਾ. ਜਗਤਾਰ ਦੇ ਬੋਲ ਯਾਦ ਕਰ ਰਿਹਾਂ।

ਕਾਫ਼ਲੇ 'ਚ ਤੂੰ ਨਹੀਂ ਭਾਵੇਂ ਰਿਹਾ,

ਯਾਦ ਤੇਰੀ ਦਿਲ ਚੋਂ ਪਰ ਜਾਣੀ ਨਹੀਂ।

ਮੇਰੇ ਵਰਗੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਪਿਆਰ ਦੁਲਾਰ ਦੇਣ ਵਾਲੇ ਵੱਡੇ ਵੀਰ, ਦੂਰਦ੍ਰਿਸ਼ਟੀਵਾਨ ਚਿੰਤਕ, ਈਮਾਨ ਦਾ ਪੱਲਾ ਸਾਰੀ ਉਮਰ ਘੁੱਟ ਕੇ ਫੜੀ ਰੱਖਣ ਵਾਲੇ ਕਰਮਯੋਗੀ ਦੇ ਜਾਣ ਤੇ ਮਨ ਬੇਹੱਦ ਉਦਾਸ ਹੋਇਆ ਹੈ।

ਪ੍ਰੋ. ਮੋਹਨ ਸਿੰਘ ਦੇ ਬੋਲ ਯਾਦ ਆ ਰਹੇ ਨੇ।

ਫੁੱਲ ਹਿੱਕ ਵਿੱਚ ਜੰਮੀ-ਪਲ਼ੀ ਖ਼ੁਸ਼ਬੂ ਜਾਂ ਉੱਡ ਗਈ,

ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।

-ਗੁਰਭਜਨ ਗਿੱਲ

Posted By: Seema Anand