ਸਟਾਫ ਰਿਪੋਰਟਰ, ਪਟਿਆਲਾ : ਆਪਣੇ-ਆਪ ਨੂੰ ਅਮੈਰੀਕਨ ਅੰਬੈਸੀ ਦਾ ਸਟਾਫ ਮੈਂਬਰ ਦੱਸ ਕੇ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਵਲ ਲਾਇਨ ਪੁਲਿਸ ਨੇ ਦੇਹਰਾਦੂਨ ਵਾਸੀ ਨਿਖਿਲ ਕੁਮਾਰ ਨੂੰ ਨਾਮਜ਼ਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਟਿਆਲਾ ਵਾਸੀ ਚਰਨਜੀਤ ਸਿੰਘ ਨੇ ਦੱਸਿਆ ਕਿ ਦੇਹਰਾਦੂਨ 'ਚ ਉਨ੍ਹਾਂ ਦਾ ਦੋਸਤ ਰਹਿੰਦਾ ਹੈ ਤੇ ਨਿਖਿਲ ਕੁਮਾਰ ਨੂੰ ਜਾਣਦਾ ਸੀ। ਨਿਖਿਲ ਕੁਮਾਰ ਆਪਣੇ-ਆਪ ਨੂੰ ਅਮੈਰੀਕਨ ਅੰਬੈਸੀ 'ਚ ਵੀਜ਼ਾ ਅਫਸਰ ਹੋਣ ਦੀ ਗੱਲ ਕਹਿੰਦਾ ਸੀ ਤੇ ਅਕਸਰ ਕਹਿੰਦਾ ਸੀ ਕਿ ਅਮਰੀਕਾ-ਕਨੇਡਾ ਜਾਣਾ ਜਿੱਥੇ ਜਾਣਾ ਦੱਸੋ, ਵੀਜ਼ਾ ਲਗਵਾ ਦੇਵੇਗਾ। ਇਸ ਗੱਲ 'ਤੇ ਭਰੋਸਾ ਕਰਦਿਆਂ ਪਹਿਲਾਂ ਚਰਨਜੀਤ ਦੇ ਦੋਸਤ ਨੇ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਵਿਦੇਸ਼ ਭੇਜਣ ਲਈ ਨਿਖਿਲ ਨਾਲ ਗੱਲਬਾਤ ਕੀਤੀ। ਜਿਨ੍ਹਾਂ ਤੋਂ ਮੋਟੀ ਰਕਮ ਲੈ ਕੇ ਕਾਗਜ਼ ਤਿਆਰ ਕਰ ਕੇ ਦਿਖਾ ਦਿੱਤੇ। ਇਸ 'ਤੇ ਭਰੋਸਾ ਕਰਦਿਆਂ ਚਰਨਜੀਤ ਨੇ ਵੀ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਦੀ ਗੱਲ ਕਰ ਲਈ। ਚਰਨਜੀਤ ਅਨੁਸਾਰ ਨਿਖਿਲ ਕੁਮਾਰ ਨੇ ਲੱਖ ਰੁਪਏ ਦੀ ਮੰਗ ਕੀਤੀ ਤੇ 50 ਹਜ਼ਾਰ ਰੁਪਏ ਦੇ ਦਿੱਤੇ ਜਿਸ ਤੋਂ ਬਾਅਦ ਚਰਨਜੀਤ ਤੇ ਉਸ ਦੇ ਦੋਸਤ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਲੀ ਦੇ ਅੰਬੈਸੀ ਦਫ਼ਤਰ 'ਚ ਕਾਗਜ਼ ਜਮ੍ਹਾਂ ਕਰਵਾਉਣ ਲਈ ਭੇਜ ਦਿੱਤਾ। ਉੱਥੇ ਮੌਜੂਦ ਸਟਾਫ ਨੇ ਕਾਗਜ਼ ਪੂਰੇ ਨਾ ਹੋਣ ਦਾ ਕਹਿ ਕੇ ਵਾਪਸ ਭੇਜ ਦਿੱਤਾ ਤੇ ਨਿਖਿਲ ਨੇ ਆਪੇ ਹੀ ਸਾਰੀ ਕਾਰਵਾਈ ਪੂਰੀ ਕਰਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਏਅਰ ਟਿਕਟ ਕਰਵਾਉਣ ਦੇ ਬਹਾਨੇ ਚਰਨਜੀਤ ਨੇ ਉਸ ਦੇ ਦੋਸਤ ਤੋਂ ਫਿਰ ਮੋਟੀ ਰਕਮ ਲੈ ਲਈ। ਕਈ ਮਹੀਨੇ ਬੀਤਣ 'ਤੇ ਵੀ ਨਾ ਵੀਜ਼ਾ ਲੱਗਿਆ ਤੇ ਨਾ ਹੀ ਰਕਮ ਵਾਪਸ ਕੀਤੀ, ਜਿਸ ਤੋਂ ਬਾਅਦ ਇਸ ਬਾਰੇ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ। ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਨਿਖਿਲ ਕੁਮਾਰ ਦੇ ਖਾਤੇ 'ਚ 4 ਲੱਖ 80 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਹਨ ਤੇ ਕਰੀਬ ਦੋ ਲੱਖ ਦੀ ਰਾਸ਼ੀ ਨਗਦ ਦਿੱਤੀ ਹੈ। ਚਰਨਜੀਤ ਦੀ ਸ਼ਿਕਾਇਤ 'ਤੇ ਥਾਣਾ ਸਿਵਲ ਲਾਇਨੇ ਵਿਖੇ ਨਿਖਿਲ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Posted By: Seema Anand