ਸਟਾਫ ਰਿਪੋਰਟਰ, ਪਟਿਆਲਾ : ਵਿਜੀਲੈਂਸ ਟੀਮ ਨੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਜੂਨੀਅਰ ਅਡੀਟਰ ਨੂੰ ਦਫਤਰ 'ਚ ਹੀ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਕਾਬੂ ਕੀਤਾ ਹੈ। ਦੋਸ਼ ਹੈ ਕਿ ਜੂਨੀਅਨ ਅਡੀਟਰ ਨੇ ਰਾਈਸ ਮਿੱਲ ਦੇ ਮਾਲਕ ਤੋਂ ਬਿੱਲ ਪਾਸ ਕਰਨ ਲਈ ਰਿਸ਼ਵਤ ਮੰਗੀ ਸੀ। ਜਿਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਰਿੰਦਰਪਾਲ ਨੇ ਦੱਸਿਆ ਕਿ ਉਸ ਦੀ ਦੁਗਾਲ ਕਲਾਂ ਵਿਖੇ ਸ਼੍ਰੀ ਰਾਮ ਸ਼ਰਨਮ ਰਾਈਸ ਮਿੱਲ ਹੈ। ਸਾਲ 2018-19 ਦੌਰਾਨ ਮਿੱਲ 'ਚ ਪਨਗ੍ਰੇਨ ਏਜੰਸੀ ਨਾਲ ਪੈਡੀ ਸਟੋਰ ਕਰਨ ਸਬੰਧੀ ਕਰਾਰ ਹੋਇਆ ਸੀ। ਜਿਸ ਸਬੰਧੀ ਹਰਿੰਦਰਪਾਲ ਨੇ ਸਰਕਾਰੀ ਏਜੰਸੀ ਕੋਲ 3 ਲੱਖ ਰੁਪਏ ਦੀ ਸਕਿਓਰਿਟੀ ਜਮ੍ਹਾਂ ਕਰਵਾਈ ਸੀ। ਉਕਤ ਰਕਮ 'ਤੇ ਬਣਦੇ ਕਸਟਮ ਮਿਿਲੰਗ ਬਿੱਲ ਪਾਸ ਹੋਣ ਲਈ ਖ਼ੁਰਾਕ ਸਪਲਾਈ ਦਫਤਰ ਪਟਿਆਲਾ 'ਚ ਦੋ ਮਹੀਨੇ ਪਹਿਲਾਂ ਦਿੱਤੇ ਸਨ। ਇਨ੍ਹਾਂ ਬਿੱਲਾਂ ਨੂੰ ਪਾਸ ਕਰਨ ਲਈ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਜੂਨੀਅਰ ਅਡੀਟਰ ਜਸਪਾਲ ਸਿੰਘ ਸੋਢੀ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਦੋਸ਼ ਹੈ ਕਿ ਬਿੱਲ ਪਾਸ ਕਰਨ ਲਈ ਜੂਨੀਅਨ ਅਡੀਟਰ ਨੇ 5 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਇਸ ਸਬੰਧੀ ਵਿਜੀਲੈਂਸ ਨੂੰ ਸੂਚਨਾ ਦੇਣ 'ਤੇ ਜੂਨੀਅਨ ਅਡੀਟਰ ਜਸਪਾਲ ਸਿੰਘ ਸੋਢੀ ਨੂੰ ਪਟਿਆਲਾ ਦਫਤਰ 'ਚ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗਿ੍ਫ਼ਤਾਰ ਕੀਤਾ ਹੈ। ਗਿ੍ਫ਼ਤਾਰੀ ਲਈ ਪੁੱਜੀ ਟੀਮ 'ਚ ਇੰਸਪੈਕਟਰ ਪਿ੍ਰਤਪਾਲ ਸਿੰਘ, ਏਐੱਸਆਈ ਰਜਨੀਸ਼ ਕੌਸ਼ਲ, ਸਿਪਾਹੀ ਸ਼ਾਮ ਸੁੰਦਰ, ਹਰਮੀਤ ਸਿੰਘ ਤੇ ਹੋਰ ਮੁਲਾਜ਼ਮ ਮੌਜੂਦ ਸਨ।