ਭਾਰਤ ਭੂਸ਼ਣ ਗੋਇਲ, ਸਮਾਣਾ

ਸੀਆਈਏ ਸਟਾਫ਼ ਸਮਾਣਾ ਵੱਲੋਂ ਤਿੰਨ ਵੱਖ-ਵੱਖ ਮਾਮਲਿਆਂ ਵਿਚ ਹਰਿਆਣਾ ਤੋਂ ਤਸਕਰੀ ਕਰਕੇ ਇਕ ਛੋਟੇ ਹਾਥੀ, ਟੈਂਪੂ ਤੇ ਦੋ ਕਾਰਾਂ ਵਿਚ ਲਿਆਂਦੀਆਂ ਜਾ ਰਹੀਆਂ 1500 ਨਸ਼ੀਲੀਆਂ ਗੋਲੀਆਂ, ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 960 ਬੋਤਲਾਂ ਸਣੇ ਪੰਜ ਜਣਿਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਇਸ ਸੰਬਧ ਵਿਚ ਸੀਆਈਏ ਸਟਾਫ਼ ਸਮਾਣਾ ਦੇ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਅਤੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਤਹਿਤ ਏਐੱਸਆਈ ਕੁਲਦੀਪ ਸਿੰਘ ਧਨੋਆ ਵਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਮਾਈਸਰ ਮੰਦਰ ਸੜਕ ਨੇੜੇ ਪੰਜਾਬ ਹਰਿਆਣਾ ਸੀਮਾ 'ਤੇ ਨਾਕਾਬੰਦੀ ਦੌਰਾਨ ਮਿਲੀ ਗੁਪਤਾ ਸੂਚਨਾ ਦੇ ਆਧਾਰ 'ਤੇ ਹਰਿਆਣਾ ਸੀਮਾ ਵਲੋਂ ਆ ਰਹੀ। ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਚਾਲਕ ਕਾਰ ਨੂੰ ਪਿਛੇ ਮੋੜਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੁਲਿਸ ਨੇ ਮੌਕੇ 'ਤੇ ਕਾਰ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਕਾਰ ਦੀ ਪਿਛਲੀ ਸੀਟ 'ਤੇ ਡਿੱਗੀ ਵਿਚ ਲਿਆਂਦੀ ਜਾ ਰਹੀ ਹਰਿਆਣਾ ਮਾਰਕਾ ਦੇਸ਼ੀ ਸ਼ਰਾਬ ਦੀਆਂ 780 ਬੋਤਲਾਂ ਬਰਾਮਦ ਕਰਕੇ ਕਾਰ ਚਾਲਕ ਉਸ ਦੇ ਨਾਲ ਬੈਠੇ ਵਿਅਕਤੀ ਨੂੰ ਕਾਬੂ ਕਰ ਲਿਆ। ਜਿਨ੍ਹਾਂ ਦੀ ਪਛਾਣ ਬਿੰਦਰ ਸਿੰਘ ਤੇ ਦਾਰਾ ਸਿੰਘ ਵਾਸੀ ਪਿੰਡ ਜੋਲਿਆ ਥਾਣਾਂ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਵਜੋਂ ਹੋਈ। ਜਾਂਚ ਦੌਰਾਨ ਕਾਰ 'ਤੇ ਲੱਗਿਆ ਨੰਬਰ ਜਾਅਲੀ ਪਾਏ ਜਾਣ 'ਤੇ ਮੁਲਜ਼ਮਾਂ ਨੇ ਮੰਨਿ੍ਹਆ ਕਿ ਉਹ ਜਾਅਲੀ ਨੰਬਰ ਲਗਾ ਕੇ ਹਰਿਆਣਾ ਤੋਂ ਪੰਜਾਬ ਵਿਚ ਸ਼ਰਾਬ ਦੀ ਤਸਕਰੀ ਕਰਦੇ ਹਨ। ਪੁਲਿਸ ਨੇ ਬਿੰਦਰ ਸਿੰਘ ਤੇ ਉਸ ਦੇ ਪਿਤਾ ਦਾਰਾ ਸਿੰਘ ਖ਼ਿਲਾਫ਼ ਐਕਸਾਈਜ ਐਕਟ ਦੀਆਂ ਧਾਰਾਵਾਂ ਤਹਿਤ ਸਿਟੀ ਥਾਣਾ ਵਿਚ ਮਾਮਲਾ ਦਰਜ ਕੀਤਾ ਹੈ।

ਪੁਲਿਸ ਅਧਿਕਾਰੀ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਦਾਰਾ ਸਿੰਘ ਨੇ ਦੱਸਿਆ ਕਿ ਸਮਾਣਾ, ਪਾਤੜਾਂ ਤੇ ਨਾਭਾ ਵਿਚ ਕਰੀਬ 20 ਕੁਇੰਟਲ ਤੋਂ ਜਿਆਦਾ ਭੁੱਕੀ ਤਸਕਰੀ ਦੇ ਤਿੰਨ ਵੱਖ-ਵੱਖ ਮਾਮਲਿਆਂ ਵਿਚ ਉਹ ਸਜ਼ਾ ਜਾਫ਼ਤਾ ਹੈ ਅਤੇ ਅੱਜ ਕੱਲ੍ਹ ਉਹ ਜੇਲ੍ਹ ਤੋਂ ਛੁੱਟੀ ਆਇਆ ਹੋਇਆ ਹੈ।

ਇਕ ਹੋਰ ਮਾਮਲੇ ਵਿਚ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਏਐੱਸਆਈ ਜਸਵੰਤ ਸਿੰਘ ਵਲੋਂ ਪੁਲਿਸ ਪਾਰਟੀ ਸਣੇ ਘੱਗਰ ਪੁੱਲ ਪਿੰਡ ਰਸੋਲੀ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਪਿੰਡ ਚਿਚੜਵਾਲ ਵਲੋਂ ਆ ਰਹੀ ਇਕ ਕਾਰ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਉਸ ਦੀ ਤਲਾਸ਼ੀ ਦੌਰਾਨ ਕਾਰ ਦੀ ਪਿਛਲੀ ਸੀਟ ਅਤੇ ਉਸ ਦੀ ਡਿੱਗੀ ਵਿਚੋਂ ਹਰਿਆਣਾ ਮਾਰਕਾ ਦੇਸ਼ੀ ਸ਼ਰਾਬ 180 ਬੋਤਲਾਂ ਬਰਾਮਦ ਕਰਕੇ ਕਾਰ ਚਾਲਕ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਗੁਰਨਾਮ ਸਿੰਘ ਵਾਸੀ ਪਿੰਡ ਕੁਆ ਡੇਰੀ ਥਾਣਾ ਪਾਤੜਾਂ ਵਜੋਂ ਹੋਈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਪਾਤੜਾਂ ਵਿਚ ਮਾਮਲਾ ਦਰਜ ਕਰਵਾ ਦਿੱਤਾ।

ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਇਕ ਹੋਰ ਮਾਮਲੇ ਵਿਚ ਏਐੱਸਆਈ ਕੁਲਦੀਪ ਸਿੰਘ ਧਨੋਆ ਪੁਲਿਸ ਪਾਰਟੀ ਸਣੇ ਨਰਵਾਣਾ ਰੋਡ ਬਾਈਪਾਸ ਪਾਤੜਾਂ ਪੁਲ ਤੇ ਮੌਜੂਦ ਸਨ ਕਿ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਪਾਤੜਾਂ-ਨਰਵਾਣਾ ਸੜਕ ਤੇ ਪੁੱਲ ਡਰੇਨ ਖਾਸਪੁਰ ਵਿਖੇ ਨਾਕਾਬੰਦੀ ਕੀਤੀ ਗਈ ਕਿ ਇਸ ਦੌਰਾਨ ਆ ਰਹੇ ਇਕ ਛੋਟੇ ਹਾਥੀ ਟੈਂਪੂ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਦੌਰਾਨ ਇਕ ਪਾਲੀਥੀਨ ਲਿਫਾਫੇ ਵਿਚੋਂ 1500 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਪੁਲਿਸ ਪਾਰਟੀ ਨੇ ਟੈਂਪੂ ਵਿਚ ਸਵਾਰ ਦੋਵੇ ਵਿਅਕਤੀਆਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਦੀ ਪਛਾਣ ਸੁਰਜੀਤ ਸਿੰਘ ਵਾਸੀ ਪਿੰਡ ਦੁਤਾਲ ਅਤੇ ਸਿੰਗਾਰਾ ਸਿੰਘ ਪ੍ਰਰੀਤ ਨਗਰ ਪਾਤੜਾਂ ਵਜੋਂ ਹੋਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ।