ਸਟਾਫ ਰਿਪੋਰਟਰ, ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਰਿਹਾਇਸ਼ੀ ਮੋਤੀ ਮਹਿਲ ਨੇੜੇ ਧਰਨਾ ਦੇਣ ਵਾਲੇ ਟੀਟੂ ਬਾਣੀਆ ਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਵਲ ਲਾਇਲ ਵਿਖੇ ਜੈ ਪ੍ਰਕਾਸ਼ ਉਰਫ ਟੀਟੂ ਬਾਣੀਆ ਵਾਸੀ ਲੁਧਿਆਣਾ, ਇੰਦਰਜੀਤ ਸਿੰਘ ਵਾਸੀ ਜਮਾਲਪੁਰਾ ਲੁਧਿਆਣਾ, ਰਣਧੀਰ ਸਿੰਘ ਵਾਸੀ ਪਿੰਡ ਘੁਮਾਣ, ਹੰਸ ਰਾਜ ਵਾਸੀ ਲੁਧਿਆਣਾ ਤੇ ਹਰਨੇਕ ਸਿੰਘ ਵਾਸੀ ਪਿੰਡ ਗੂੜੇ ਨੂੰ ਨਾਮਜਦ ਕੀਤਾ ਹੈ।

ਪੁਲਿਸ ਕੋਲ ਦਰਜ ਸ਼ਿਕਾਇਤ ਅਨੁਸਾਰ ਸਹਾਇਕ ਥਾਣੇਦਾਰ ਰਾਜਪਾਲ ਸਿੰਘ ਪੁਲਿਸ ਟੀਮ ਸਮੇਤ ਵਾਈਪੀਐਸ ਚੌਕ ਕੋਲ ਮੋਜੂਦ ਸੀ। ਇਸੇ ਦੌਰਾਨ ਦੇਖਿਆ ਕਿ ਜੈ ਪ੍ਰਕਾਸ਼ ਤੇ ਉਸਦੇ ਸਾਥੀ ਫੁੱਟਪਾਥ 'ਤੇ ਬੈਠੇ ਨਾਅਰੇਬਾਜੀ ਕਰ ਰਹੇ ਸਨ। ਪੁਲਿਸ ਕੇਸ ਅਨੁਸਾਰ ਇਨਾਂ ਵਿਅਕਤੀਆਂ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਨਾ ਕਰਦੇ ਹੋਏ ਜਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਦੱਸਣਾ ਬਣਦਾ ਹੈ ਕਿ ਮੰਗਲਵਾਰ ਨੂੰ ਟੀਟੂ ਬਾਣੀਆ ਆਪਣੇ ਸਾਥੀਆਂ ਸਮੇਤ ਮੋਤੀ ਮਹਿਲ ਅੱਗੇ ਧਰਨੇ ਦੇ ਪੁੱਜਿਆ ਸੀ ਪ੍ਰੰਤੂ ਪੁਲਿਸ ਸਖਤ ਪਹਿਰਾ ਹੋਣ ਕਰਕੇ ਇਨਾਂ ਵਲੋਂ ਵਾਈਪੀਐਸ ਚੌਕ ਨੇੜੇ ਫੁੱਟਪਾਥ 'ਤੇ ਧਰਨਾ ਦਿੰਦਿਆਂ ਸੂਬਾ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਟੀਟੂ ਬਾਣੀਆ ਵਲੋਂ ਘਪਲੇ ਦੇ ਦੋਸ਼ਾਂ ਦੇ ਸਾਹਮਣਾ ਕਰ ਰਹੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਵੀ ਕੀਤੀ ਸੀ।

Posted By: Seema Anand