ਪੱਤਰ ਪ੍ਰਰੇਰਕ, ਪਟਿਆਲਾ : ਪੰਜਾਬ ਸਰਕਾਰ ਤਿੰਨ ਕੇਂਦਰੀ ਕਾਲੇ ਕਾਨੂੰਨਾਂ ਖ਼ਿਲਾਫ਼ ਲੜੀ ਜਾ ਰਹੀ ਲੜਾਈ 'ਚ ਹਰ ਪੱਖੋਂ ਕਿਸਾਨਾਂ ਦੇ ਨਾਲ ਖੜ੍ਹੀ ਹੈ। ਇਹ ਪ੍ਰਗਟਾਵਾ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਕੀਤਾ।

ਉਹ ਅੱਜ ਇੱਥੇ ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿਖੇ ਇਕ ਸੜਕ ਹਾਦਸੇ ਦੇ ਉਨ੍ਹਾਂ 6 ਪੀੜਤਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ 'ਚੋਂ 18 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਸੌਂਪ ਰਹੇ ਸਨ, ਜਿਹੜੇ ਕਿ ਕਿਸਾਨਾਂ ਦੇ ਹੱਕ 'ਚ ਮਿਤੀ 29 ਮਾਰਚ 2021 ਨੂੰ ਧਰਨਾ ਦੇਣ ਸਮੇਂ ਪਟਿਆਲਾ ਦੇ ਥਾਪਰ ਯੂਨੀਵਰਸਿਟੀ ਚੌਕ 'ਚ ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ।

ਪਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਦਿੱਲੀ ਦੀ ਸਰਹੱਦ 'ਤੇ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੇ ਨਾਲ ਸਹਾਇਤਾ ਕੀਤੀ ਹੈ। ਇਸ ਤੋਂ ਬਿਨਾਂ ਪੰਜਾਬ ਸਰਕਾਰ ਕਿਸਾਨਾਂ ਦੇ ਸੰਘਰਸ਼ 'ਚ ਵੀ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਸੂਬਾ ਸਰਕਾਰ ਨੇ ਵਿਸ਼ੇਸ਼ ਪਹਿਲਕਦਮੀ ਦਿਖਾਉਂਦਿਆਂ ਇਹ ਕੇਂਦਰੀ ਕਾਲੇ ਕਾਨੂੰਨ ਪੰਜਾਬ ਵਿਧਾਨ ਸਭਾ 'ਚ ਰੱਦ ਕੀਤੇ ਹਨ।

ਸੰਸਦ ਮੈਂਬਰ ਨੇ ਇਸ ਦੌਰਾਨ 29 ਮਾਰਚ ਦੀ ਸ਼ਾਮ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋਏ ਰਣਜੀਤ ਨਗਰ ਪਟਿਆਲਾ ਦੇ ਵਾਸੀ 66 ਸਾਲਾ ਇੰਦਰਜੀਤ ਸਿੰਘ, ਇੰਦਰਪੁਰਾ ਵਾਸੀ 16 ਸਾਲਾ ਲੜਕਾ ਪਰਮਵੀਰ ਸਿੰਘ ਤੇ ਏਕਤਾ ਨਗਰ ਏ ਦੇ ਵਾਸੀ 2 ਸਾਲਾ ਬੱਚੇ ਯਸ਼ ਦੇ ਪਰਿਵਾਰ ਨੂੰ ਕ੍ਰਮਵਾਰ 5-5 ਲੱਖ ਰੁਪਏ ਅਤੇ ਜ਼ਖ਼ਮੀਆਂ 'ਚ ਸ਼ਾਮਲ ਰਣਜੀਤ ਨਗਰ ਦੇ ਗੁਰਪ੍ਰਰੀਤ ਸਿੰਘ, ਭਾਰਤ ਨਗਰ ਵਾਸੀ ਰਾਹੁਲ ਅਤੇ ਏਕਤਾ ਨਗਰ ਦੀ ਰੇਨੂੰ ਬਾਲਾ ਨੂੰ 1-1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ।

ਪਰਨੀਤ ਕੌਰ ਨੇ ਇਸ ਸੜਕ ਹਾਦਸੇ 'ਚ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ। ਉਨ੍ਹਾਂ ਨੇ ਨਾਲ ਹੀ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਵੀ ਕਾਮਨਾ ਕੀਤੀ। ਇਸ ਮੌਕੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਐਸਡੀਐਮ ਚਰਨਜੀਤ ਸਿੰਘ, ਤਹਿਸੀਲਦਾਰ ਰਣਜੀਤ ਸਿੰਘ ਤੋਂ ਇਲਾਵਾ ਪੀੜਤਾਂ ਦੇ ਪਰਿਵਾਰਕ ਮੈਂਬਰ ਤੇ ਹੋਰ ਪਤਵੰਤੇ ਮੌਜੂਦ ਸਨ।