ਸਟਾਫ਼ ਰਿਪੋਰਟਰ, ਪਟਿਆਲਾ। ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ 'ਚ ਕੈਦੀਆਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ। ਜ਼ੇਰੇ ਇਲਾਜ ਕੈਦੀ ਦੀ ਪਛਾਣ ਕਰਮਜੀਤ ਸਿੰਘ ਵਜੋਂ ਹੋਈ ਹੈ ਜਿਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ ।

ਕੈਦੀ ਕਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਬੈਰਕ ਦੇ ਬਾਹਰ ਖੜ੍ਹਾ ਸੀ। ਇਸੇ ਦੌਰਾਨ ਹੋਰ ਕੈਦੀ ਸਰਨਾ ਰੂਪਾਂ ਤੇ ਜੱਗਾ ਮੌਕੇ 'ਤੇ ਪੁੱਜੇ ਅਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਕਰਮਜੀਤ ਅਨੁਸਾਰ ਹਮਲਾਵਰਾਂ ਨੇ ਪਹਿਲਾਂ ਹੱਥ ਵਿਚ ਪਾਏ ਕੜਿਆਂ ਨਾਲ ਉਸਦੇ ਸਿਰ 'ਤੇ ਹਮਲਾ ਕੀਤਾ ਅਤੇ ਫਿਰ ਉਸ ਦਾ ਬਚਾਅ ਕਰਨ ਆਏ ਸੁਰੱਖਿਆ ਮੁਲਾਜ਼ਮ ਦਾ ਡੰਡਾ ਖੋਹ ਕੇ ਵੀ ਉਸ ਦੇ ਸਿਰ 'ਤੇ ਮਾਰ ਦਿੱਤਾ। ਹੰਗਾਮਾ ਹੋਣ ਤੋਂ ਬਾਅਦ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਮੌਕੇ 'ਤੇ ਪੁੱਜੇ ਅਤੇ ਕਰਮਜੀਤ ਨੂੰ ਇਲਾਜ ਲਈ ਸਿਵਲ ਹਸਪਤਾਲਾਂ ਲਿਆਂਦਾ ਗਿਆ। ਜੇਲ੍ਹ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਜੇਲ੍ਹ ਵਿਚ ਖੇਡ ਦੌਰਾਨ ਕੈਦੀਆਂ ਵਿਚਾਲੇ ਝਗੜਾ ਹੋਣ ਦੀ ਸੂਚਨਾ ਮਿਲੀ ਸੀ। ਕੈਦੀ ਕਰਮਜੀਤ ਦੇ ਸਿਰ 'ਤੇ ਸੱਟਾਂ ਲੱਗੀਆਂ ਹਨ। ਜਿਸ ਕਾਰਨ ਸਿਰ 'ਤੇ ਦੋ ਥਾਈਂ ਤਿੰਨ-ਤਿੰਨ ਟਾਂਕੇ ਲਗਾਏ ਗਏ ਹਨ। ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Posted By: Akash Deep