ਸਟਾਫ ਰਿਪੋਰਟਰ, ਪਟਿਆਲਾ : ਕਲਯੁਗੀ ਪਿਓ ਵੱਲੋਂ ਇਕ ਸਾਲ ਤਕ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਤੇ ਉਸ ਨੂੰ ਗਰਭਵਤੀ ਕਰ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਖ਼ੁਲਾਸ ਵੀ ਉਦੋਂ ਹੋਇਆ ਜਦੋਂ ਨਾਬਾਲਿਗਾ ਨੇ ਸਰਕਾਰੀ ਹਸਪਤਾਲ 'ਚ ਇਕ ਬੱਚੀ ਨੂੰ ਜਨਮ ਦਿੱਤਾ। ਹਸਪਤਾਲ ਤੋਂ ਮਿਲੀ ਸੂਚਨਾ ਤੇ ਪੀੜਤਾ ਦੇ ਬਿਆਨ ਦੇ ਆਧਾਰ 'ਤੇ ਪਿਓ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਥਾਣਾ ਘਨੌਰ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਟਿਆਲਾ ਸਥਿਤ ਇਕ ਸਰਕਾਰੀ ਹਸਪਤਾਲ ਤੋਂ ਇਸ ਸਬੰਧੀ ਸੂਚਨਾ ਮਿਲੀ ਸੀ। ਮੌਕੇ 'ਤੇ ਜਾ ਕੇ ਪਤਾ ਲੱਗਿਆ ਕਿ ਨਾਬਾਲਿਗਾ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ। ਮੁੱਢਲੀ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਬੱਚੀ ਦਾ ਪਿਤਾ ਹੀ ਕਰੀਬ ਇਕ ਸਾਲ ਤਕ ਉਸ ਨਾਲ ਜਬਰ ਜਨਾਹ ਕਰਦਾ ਰਿਹਾ ਸੀ। ਦਸੰਬਰ ਮਹੀਨੇ ਵਿਚ ਆਪਣਾ ਭੇਦ ਖੁੱਲ੍ਹਦਾ ਵੇਖ ਉਹ ਘਰੋਂ ਫ਼ਰਾਰ ਹੋ ਗਿਆ। ਹੈਰਾਨੀ ਵਾਲੀ ਗੱਲ ਹੈ ਕਿ ਬੱਚੀ ਦੇ ਗਰਭਵਤੀ ਹੋਣ ਤੋਂ ਬਾਅਦ ਵੀ ਉਸ ਦੀ ਮਾਂ ਵੱਲੋਂ ਇਸ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਗਈ। ਬੱਚੀ ਦੀ ਤਬੀਅਤ ਵਿਗੜਨ 'ਤੇ ਉਸ ਦੀ ਮਾਂ ਨੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿੱਥੇ ਸ਼ੁੱਕਰਵਾਰ ਨੂੰ ਨਾਬਾਲਗਾ ਨੇ ਬੱਚੀ ਨੂੰ ਜਨਮ ਦਿੱਤਾ। ਹਸਪਤਾਲ ਦੇ ਡਾਕਟਰਾਂ ਵੱਲੋਂ ਮਾਮਲਾ ਸ਼ੱਕੀ ਹੁੰਦਾ ਵੇਖ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਥਾਣਾ ਮੁਖੀ ਗੁਰਮੀਤ ਸਿੰਘ ਨੇ ਕਿਹਾ ਫਿਲਹਾਲ ਬੱਚੀ ਦੇ ਬਿਆਨ ਲੈ ਕੇ ਉਸ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਮੁਲਜ਼ਮ ਫ਼ਰਾਰ ਹੈ, ਜਿਸਦੀ ਭਾਲ ਪੁਲਿਸ ਟੀਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।