ਸਟਾਫ ਰਿਪੋਰਟਰ, ਪਟਿਆਲਾ : ਲਖੀਮਪੁਰ ਖੀਰੀ ਵਿਖੇ ਕਾਫਲਾ ਲੈ ਕੇ ਜਾ ਰਹੇ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਨੇੜੇ ਟੋਲ ਪਲਾਜ਼ੇ ਤੇ ਕਿਸਾਨਾਂ ਨੇ ਘੇਰਾ ਪਾ ਲਿਆ। ਕਿਸਾਨਾਂ ਵੱਲੋਂ ਨਵਜੋਤ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਅਤੇ ਕਿਸਾਨ ਬੀਬੀਆਂ ਨੇ ਸਿੱਧੂ ਦੇ ਗੱਡੀ ਅੱਗੇ ਖੜ੍ਹ ਕੇ ਖਰੀਆਂ ਖਰੀਆਂ ਸੁਣਾਈਆਂ। ਕਰੀਬ ਪੌਣਾ ਘੰਟਾ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਪੁਲਿਸ ਸੁਰੱਖਿਆ ਦੇ ਘੇਰੇ ਵਿਚ ਨਵਜੋਤ ਸਿੱਧੂ ਚੰਡੀਗੜ੍ਹ ਲਈ ਰਵਾਨਾ ਹੋਏ। ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਵੀਰਵਾਰ ਦੀ ਸਵੇਰ ਪਟਿਆਲਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ। ਇੱਥੇ ਬਹਾਦਰਗੜ੍ਹ ਨੇੜੇ ਸਥਿਤ ਧਰੇੜੀ ਜੱਟਾਂ ਟੋਲ ਪਲਾਜ਼ੇ ਤੇ ਸਿੱਧੂ ਦਾ ਕਾਫ਼ਲਾ ਪੁੱਜਦਿਆਂ ਹੀ ਕਿਸਾਨਾਂ ਨੇ ਆਪਣੇ ਘੇਰੇ ਵਿਚ ਲੈ ਲਿਆ। ਕਿਸਾਨਾਂ ਨੇ ਕਾਲੀ ਝੰਡੀਆਂ ਦਿਖਾਉਂਦਿਆਂ ਕਾਂਗਰਸ ਪਾਰਟੀ ਅਤੇ ਨਵਜੋਤ ਸਿੱਧੂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਦਾ ਭਰੋਸਾ ਦੇਣ ਦੀ ਕੋਸ਼ਿਸ਼ ਕੀਤੀ ਪਰ ਭੜਕੇ ਕਿਸਾਨਾਂ ਨੇ ਇਕ ਨਾ ਸੁਣੀ। ਮੌਕੇ ਤੇ ਮੌਜੂਦ ਕਿਸਾਨ ਬੀਬੀਆਂ ਨੇ ਕਿਹਾ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਇਸੇ ਟੋਲ ਪਲਾਜ਼ੇ ਤੇ ਧਰਨਾ ਦੇ ਰਹੇ ਹਨ ਅੱਜ ਤਕ ਨਵਜੋਤ ਸਿੰਘ ਸਿੱਧੂ ਉਨ੍ਹਾਂ ਦਾ ਹਾਲ ਪੁੱਛਣ ਤੱਕ ਨਹੀਂ ਪੁੱਜੇ ਪਰ ਹੁਣ ਲਖੀਮਪੁਰ ਜਾ ਰਹੇ ਹਨ ਜੋ ਕਿ ਸਿਰਫ਼ ਤੇ ਸਿਰਫ਼ ਸਿਆਸੀ ਚਾਲ ਹੈ।

Posted By: Ravneet Kaur