ਰਵਿੰਦਰ ਸਿੰਘ ਪੰਜੇਟਾ, ਸਨੌਰ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਦੇ ਬਾਰਡਰਾਂ 'ਤੇ ਅਣਮਿਥੇ ਸਮੇਂ ਲਈ ਡੱਟੀਆਂ ਹੋਈਆਂ ਹਨ ਪਰ ਅਜੇ ਤਕ ਕੇਂਦਰ ਸਰਕਾਰ ਤੇ ਅਣਮਿਥੇ ਸਮੇਂ ਲਈ ਚੱਲ ਰਹੇ ਧਰਨੇ ਪ੍ਰਦਰਸ਼ਨ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਦੂਜੇ ਪਾਸੇ ਕੈਪਟਨ ਸਰਕਾਰ ਵੀ ਹੁਣ ਕਿਸਾਨ ਤੇ ਆੜ੍ਹਤੀਆਂ ਨੂੰ ਪਰੇਸ਼ਾਨ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ। ਪਿਛਲੇ ਕਈ ਦਿਨਾਂ ਤੋਂ ਹਲਕਾ ਸਨੌਰ ਦੀਆਂ ਵੱਖ-ਵੱਖ ਮੰਡੀਆਂ ਅੰਦਰ ਕਿਸਾਨ ਤੇ ਆੜ੍ਹਤੀ ਬਾਰਦਾਨੇ ਦੀ ਕਮੀ ਕਾਰਨ ਪਰੇਸ਼ਾਨ ਹਨ ਅਤੇ ਮੰਡੀਆਂ ਅੰਦਰ ਕਣਕ ਦੇ ਢੇਰ ਲੱਗੇ ਹੋਏ ਹਨ ਪਰ ਪੰਜਾਬ ਸਰਕਾਰ ਵੱਲੋਂ ਕੋਈ ਬੰਦੋਬਸਤ ਨਹੀਂ ਕੀਤੇ ਜਾ ਰਹੇ। ਇਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪ੍ਰਗਟਾਵਾ ਬਾਰਦਾਨੇ ਦੀ ਕਮੀ ਤੋਂ ਭੜਕੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਪਟਿਆਲਾ-ਸਨੌਰ-ਪਿਹੇਵਾ ਰਾਜਮਾਰਗ ਜਾਮ ਕਰ ਕੇ ਹਕੂਮਤ ਖ਼ਿਲਾਫ਼ ਭੜਾਸ ਕੱਢਦਿਆਂ ਕੀਤਾ। ਧਰਨਾ ਦੇ ਰਹੇ ਸਨੌਰ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਗੋਇਲ, ਨਿਰੰਜਨ ਸਿੰਘ, ਅਮਰ ਸਿੰਘ, ਦਮੋਦਰ ਸਿੰਘ, ਭਾਰਤੀ ਕਿਸਾਨ (ਰਾਜੇਵਾਲ) ਦੇ ਮੈਂਬਰ ਤੇਜਿੰਦਰ ਸਿੰਘ ਭਾਂਖਰ, ਸੁਖਦਰਸ਼ਨ ਸਿੰਘ ਬੱਤਾ ਆਦਿ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਬਾਰਦਾਨੇ ਦੀ ਕਮੀ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀ ਪਰ ਖਰੀਦ ਏਜੰਸੀਆਂ ਦੇ ਭਰੋਸੇ ਮਗਰੋਂ ਧਰਨਾ ਖਤਮ ਕਰ ਦਿੱਤਾ ਗਿਆ ਸੀ ਪਰ ਮੰਡੀਆਂ ਅੰਦਰ ਬਾਰਦਾਨਾ ਨਹੀਂ ਭੇਜਿਆ ਗਿਆ। ਇਸ ਕਾਰਨ ਅੱਜ ਦੁਬਾਰਾ ਧਰਨਾ ਲਾਇਆ ਗਿਆ ਹੈ। ਲਗਾਤਾਰ ਚਾਰ ਘੰਟੇ ਚੱਲੇ ਧਰਨੇ 'ਚ ਪਹੁੰਚੇ ਖਰੀਦ ਏਜੰਸੀ ਦੇ ਜ਼ਿਲ੍ਹਾ ਪ੍ਰਬੰਧਕ ਮਨਦੀਪ ਸਿੰਘ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੰਦੇ ਹੋਏ ਧਰਨਾ ਹਟਾਉਣ ਦੀ ਅਪੀਲ ਕੀਤੀ ਤਾਂ ਧਰਨਾਕਾਰੀਆਂ ਨੇ ਧਰਨਾ ਹਟਾਉਣ ਤੋਂ ਕੋਰੀ ਨਾਂਹ ਕਰ ਦਿੱਤੀ।

-------------

ਕਣਕ ਦੀ ਖ਼ਰੀਦ ਕਰਨ 'ਚ ਸਰਕਾਰ ਹੋਈ ਫੇਲ੍ਹ : ਚੰਦੂਮਾਜਰਾ

ਹਲਕਾ ਸਨੌਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਕਣਕ ਦੀ ਖ਼ਰੀਦ ਕਰਨ 'ਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਹਿੰਦੀ ਕੁਝ ਹੋਰ ਹੈ ਤੇ ਕਰਦੀ ਕੁਝ ਹੋਰ ਹੈ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਮੰਡੀਆਂ ਅੰਦਰ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਪਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ।

--------

ਜਲਦ ਕੀਤੀ ਜਾਵੇਗੀ ਸਮੱਸਿਆ ਹੱਲ : ਚੇਅਰਮੈਨ ਬੱਤਾ

ਬਲਾਕ ਸੰਮਤੀ ਸਨੌਰ ਦੇ ਚੇਅਰਮੈਨ ਅਸ਼ਵਨੀ ਕੁਮਾਰ ਬੱਤਾ ਨੇ ਕਿਹਾ ਕਿ ਅਨਾਜ ਮੰਡੀਆਂ ਚ ਇਕ ਦਮ ਕਣਕ ਆਉਣ ਕਾਰਨ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਪੇਸ਼ ਆਈਆਂ ਹਨ। ਇਨ੍ਹਾਂ ਨੂੰ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਦੋ ਦਿਨਾਂ ਅੰਦਰ ਮੰਡੀਆਂ ਵਿਚ ਬਾਰਦਾਨਾ ਭੇਜ ਦਿੱਤਾ ਜਾਵੇਗਾ।