ਭੁਪਿੰਦਰਜੀਤ ਮੌਲਵੀਵਾਲਾ, ਪਾਤੜਾਂ

ਅਦਾਲਤੀ ਹੁਕਮਾਂ ਉਤੇ ਪਿੰਡ ਬਣਵਾਲਾ ਦੇ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਗਏ ਪ੍ਰਸ਼ਾਸਨ ਨੂੰ ਕਿਸਾਨ ਯੂਨੀਅਨ ਉਗਰਾਹਾਂ ਨੇ ਘੇਰ ਲਿਆ। ਤਹਿਸੀਲਦਾਰ ਜਗਤਾਰ ਸਿੰਘ ਦੀ ਅਗਵਾਈ ਵਿਚ ਸਿਵਲ ਪ੍ਰਸ਼ਾਸਨ ਨੂੰ ਬੇਰੰਗ ਮੁੜਨਾ ਪਿਆ। ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ ਤੇ ਇਕੱਠੇ ਹੋਏ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ। ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਅਤੇ ਖ਼ਜ਼ਾਨਚੀ ਰਘਵੀਰ ਸਿੰਘ ਨੇ ਦੱਸਿਆ ਕਿ ਪਿੰਡ ਬਣਵਾਲਾ ਦੇ ਕਿਸਾਨ ਬਲਜੀਤ ਸਿੰਘ ਤੇ ਉਸ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਤੇ ਦੂਸਰਾ ਵਿਦੇਸ਼ ਗਿਆ ਹੋਇਆ ਹੈ। ਪ੍ਰਸ਼ਾਸਨ ਨੇ ਕਈ ਵਾਰ ਉਨ੍ਹਾਂ ਦੀ ਜ਼ਮੀਨ ਦੀ ਕੁਰਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹਰ ਵਾਰ ਕਿਸਾਨ ਯੂਨੀਅਨ ਤੇ ਲੋਕਾਂ ਦੇ ਵਿਰੋਧ ਕਾਰਨ ਪ੍ਰਸ਼ਾਸਨ ਨੂੰ ਬਿਨ੍ਹਾਂ ਕੁਰਕੀ ਕੀਤੇ ਵਾਪਸ ਮੁੜਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਵੋਟਾਂ ਲੈਣ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿਵਾਇਆ ਸੀ ਉਨ੍ਹਾਂ ਦੀ ਸਰਕਾਰ ਆਉਣ ਮਗਰੋਂ ਕਿਸੇ ਕਿਸਾਨ ਦੀ ਜ਼ਮੀਨ ਕੁਰਕੀ ਨਹੀਂ ਕੀਤੀ ਜਾਵੇਗੀ। ਕੈਪਟਨ ਸਰਕਾਰ ਵਲੋਂ ਮਤਾ ਪਾਸ ਕੀਤੇ ਜਾਣ ਉਪਰੰਤ ਅੱਜ ਤਹਿਸੀਲਦਾਰ ਪਾਤੜਾਂ ਦੀ ਅਗਵਾਈ ਵਿਚ ਪ੍ਰਸ਼ਾਸਨ ਜ਼ਮੀਨ ਦੀ ਕੁਰਕੀ ਕਰਨ ਆਇਆ ਤਾਂ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ। ਕਿਸਾਨ ਯੂਨੀਅਨ ਦੇ ਆਗੂਆਂ ਨੇ ਚਿਤਾਵਨੀ ਦਿੰਤੀ ਹੈ ਕਿ ਸਰਕਾਰ ਨੇ ਜੇਕਰ ਸਾਰੇ ਕਰਜ਼ੇ ਮੁਆਫ਼ ਕਰਨ ਸਮੇਤ ਹੋਰ ਕਿਸਾਨੀ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਮਾਘ ਸਿੰਘ, ਬਲਵੰਤ ਸਿੰਘ ਨਿਆਲ, ਭੋਲਾ ਸਿੰਘ ਨਿਆਲ, ਭੁਪਿੰਦਰ ਸਿੰਘ ਘੱਗਾ, ਮੱਲ੍ਹ ਸਿੰਘ ਨਿਆਲ, ਜਗਦੀਸ਼ ਸਿੰਘ ਕਾਕੂਵਾਲਾ, ਲਾਲ ਸਿੰਘ ਨਿਆਲ ਆਦਿ ਮੌਜੂਦ ਸਨ। ਕੁਰਕੀ ਲਈ ਪਹੁੰਚੇ ਤਹਿਸੀਲਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਬਲਜੀਤ ਸਿੰਘ ਦੀ ਜ਼ਮੀਨ ਦੀ ਕੁਰਕੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਿਨ੍ਹਾਂ ਦੀ ਪਾਲਣਾ ਹਿੱਤ ਉਨ੍ਹਾਂ ਨੂੰ ਜ਼ਮੀਨ ਦੀ ਬੋਲੀ ਕਰਵਾਉਣ ਲਈ ਆਉਣ ਪਿਆ ਸੀ। ਹੁਣ ਜਦੋਂ ਜ਼ਮੀਨ ਖ਼ਰੀਦਣ ਲਈ ਕੋਈ ਵੀ ਵਿਅਕਤੀ ਬੋਲੀ ਦੇਣ ਵਾਸਤੇ ਸਹਮਣੇ ਨਹੀਂ ਆਇਆ ਤਾਂ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ ਹੈ।