ਅਸ਼ਵਿੰਦਰ ਸਿੰਘ, ਬਨੂੜ: ਨੇੜਲੇ ਪਿੰਡ ਧਰਮਗੜ੍ਹ ਵਿਖੇ ਮੀਟਿੰਗ ਕਰਨ ਆਏ ਭਾਜਪਾ ਆਗੂ ਨੂੰ ਕਿਸਾਨਾ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਆਪਣੀ ਗੱਡੀ ਵਿਚ ਆਏ ਭਾਜਾਪਾ ਆਗੂ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਗੱਡੀ ਛੱਡ ਮੋਟਰਸਾਈਕਲ ਤੇ ਬੈਠ ਰਵਾਨਾ ਹੋਣਾ ਪਿਆ। ਇਸ ਦੋਰਾਨ ਕਿਸਾਨਾਂ ਨੇ ਭਾਜਪਾ ਆਗੂ ਵਿਰੁੱਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ।

ਪਿੰਡ ਧਰਮਗੜ੍ਹ ਦੇ ਪੰਚ ਪਵਿੱਤਰ ਸਿੰਘ, ਨੰਬਰਦਾਰ ਕੁਲਵੰਤ ਸਿੰਘ, ਭਾਕਿਯੂ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ, ਜਗਜੀਤ ਸਿੰਘ ਕਰਾਲਾ, ਸਾਬਕਾ ਫੌਜੀ ਯੂਨੀਅਨ ਬਨੂੜ ਦੇ ਪ੍ਰਧਾਨ ਪ੍ਰੇਮ ਸਿੰਘ, ਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਧਰਮਸ਼ਾਲਾ ਵਿੱਚ ਅੱਜ ਭਾਜਪਾ ਦੇ ਆਗੂ ਭਾਈ ਪਰਮਜੀਤ ਸਿੰਘ ਵੱਲੋਂ ਮੀਟਿੰਗ ਕੀਤੀ ਜਾਣੀ ਸੀ। ਜਦੋਂ ਭਾਜਪਾ ਆਗੂ ਆਪਣੀ ਕਾਰ ਰਾਹੀਂ ਸਵਾਰ ਹੋ ਕੇ ਪਿੰਡ ਦੀ ਧਰਮਸ਼ਾਲਾ ਵਿੱਚ ਪਹੁੰਚੇ ਤਾਂ ਪਿੰਡ ਵਾਸੀਆਂ ਨੂੰ ਇਸ ਦੀ ਸੂਚਨਾ ਮਿਲ ਗਈ। ਇਸ ਮੀਟਿੰਗ ਦੀ ਸੂਚਨਾ ਪਿੰਡ ਵਿੱਚ ਅੱਗ ਦੀ ਤਰਾਂ ਫੈਲ ਗਈ ਤੇ ਪਿੰਡ ਵਿਚੋਂ ਵੱਡੀ ਗਿਣਤੀ ਵਿੱਚ ਨੌਜਵਾਨ, ਔਰਤਾਂ ਅਤੇ ਮਰਦ ਇਕੱਠੇ ਹੋ ਗਏ। ਇਸ ਘਟਨਾ ਦੀ ਸੂਚਨਾ ਪਿਛਲੇ 100 ਦਿਨਾਂ ਤੋਂ ਅਜ਼ੀਜਪੁਰ ਟੋਲ ਪਲਾਜ਼ਾ ਧਰਨੇ 'ਤੇ ਬੈਠੇ ਕਿਸਾਨਾ ਤੱਕ ਵੀ ਪੁੱਜ ਗਈ ਤੇ ਉਹ ਵੀ ਤੁਰੰਤ ਪਿੰਡ ਵਿਚ ਪੁੱਜ ਗਏ।

ਭਾਜਪਾ ਆਗੂ ਦੀ ਅਜੇ ਮੀਟਿੰਗ ਸ਼ੁਰੂ ਵੀ ਨਹੀ ਹੋਈ ਸੀ ਕਿ ਕਿਸਾਨਾਂ ਨੇ ਮੀਟਿੰਗ ਵਿਚ ਪੁੱਜ ਕੇ ਭਾਜਪਾ ਆਗੂ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਭਾਜਪਾ ਆਗੂ ਤੇ ਮੀਟਿੰਗ ਦੇ ਪ੍ਰਬੰਧਕਾਂ ਨੂੰ ਭਾਜੜਾਂ ਪੈ ਗਈਆਂ। ਪਿੰਡ ਵਾਸੀਆਂ ਨੇ ਦੱਸਿਆ ਕਿ ਭਾਰੀ ਵਿਰੋਧ ਕਾਰਨ ਭਾਜਪਾ ਆਗੂ ਬਿਨਾਂ ਮੀਟਿੰਗ ਕੀਤਿਆਂ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਰਵਾਨਾ ਹੋ ਗਏ।

ਇਸ ਮੌਕੇ ਇਕੱਤਰ ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸੇ ਵੀ ਭਾਜਪਾ ਆਗੂ ਨੂੰ ਪਿੰਡ ਦੀ ਜੂਹ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ।

ਇਸ ਦੌਰਾਨ ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਜੇਕਰ ਭਾਜਪਾ ਆਗੂਆਂ ਦੀ ਪਿੰਡ ਦਾ ਕੋਈ ਵਸਨੀਕ ਮੀਟਿੰਗ ਕਰਵਾਉਂਦਾ ਹੈ ਤਾਂ ਉਸ ਦਾ ਪਿੰਡ ਵਿਚੋਂ ਸਮਾਜਿਕ ਤੌਰ 'ਤੇ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਭਾਗ ਸਿੰਘ, ਅਮਰੀਕ ਸਿੰਘ ਕਰਾਲਾ, ਯਾਦਵਿੰਦਰ ਸ਼ਰਮਾ, ਜੀਤ ਸਿੰਘ ਫੌਜੀ, ਗੁਰਰਨ ਸਿੰਘ, ਕਰਨੈਲ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ, ਲਖਵਿੰਦਰ ਸਿੰਘ, ਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ।

ਲੋਕ ਭਲਾਈ ਸਕੀਮ ਤਹਿਤ ਕੀਤੀ ਜਾਣੀ ਜਾ ਰਹੀ ਸੀ ਮੀਟਿੰਗ: ਡਾ. ਭਾਈ ਪਰਮਜੀਤ ਸਿੰਘ

ਇਸ ਮਾਮਲੇ ਬਾਰੇ ਜਦੋਂ ਮੀਟਿੰਗ ਦੇ ਪ੍ਰਬੰਧਕ ਤੇ ਪਿੰਡ ਧਰਮਗੜ੍ਹ ਦੇ ਵਸਨੀਕ ਬਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਡਾ ਭਾਈ ਪਰਮਜੀਤ ਸਿੰਘ ‘ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ” ਟਰੱਸਟ ਦੀ ਮੀਟਿੰਗ ਕਰਨ ਲਈ ਆਏ ਸਨ ਤਾਂ ਕਿ ਪਿੰਡ ਵਾਸੀਆਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਇਆ ਜਾ ਸਕੇ। ਉਨਾਂ ਕਿਹਾ ਕਿ ਇਸ ਮੀਟਿੰਗ ਦਾ ਭਾਜਪਾ ਨਾਲ ਕੋਈ ਵਾਸਤਾ ਨਹੀਂ ਹੈ। ਜੇਕਰ ਪਿੰਡ ਵਾਸੀਆਂ ਨੂੰ ਮੀਟਿੰਗ ਨਾਲ ਇਤਰਾਜ਼ ਹੈ ਤਾਂ ਉਹ ਮੀਟਿੰਗ ਨਹੀਂ ਕਰਨਗੇ ।

Posted By: Jagjit Singh