ਪੱਤਰ ਪ੍ਰਰੇਰਕ, ਅਮਲੋਹ:

ਪੰਜਾਬ ਸਰਕਾਰ ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਜਿਸ ਕਾਰਨ ਕਿਸਾਨ ਤੇ ਆੜ੍ਹਤੀ ਬੁਰੀ ਤਰ੍ਹਾਂ ਝੋਨੇ ਦੀ ਖ੍ਰੀਦ ਨਾ ਹੋਣ ਕਾਰਨ ਮੰਡੀਆਂ 'ਚ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਹ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰਰੀਤ ਸਿੰਘ ਰਾਜੂ ਖੰਨਾ ਨੇ ਅਨਾਜ ਮੰਡੀ ਰੰਘੇੜੀ ਕਲਾ ਦਾ ਦੌਰਾ ਕਰਨ ਸਮੇਂ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣਨ ਸਮੇਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਰੰਘੇੜੀ ਮੰਡੀ ਝੋਨੇ ਦੀਆਂ ਢੇਰੀਆਂ ਨਾਲ ਪੂਰੀ ਤਰ੍ਹਾਂ ਭਰ ਚੁੱਕੀ ਹੈ, ਕਿਸਾਨਾਂ ਨੂੰ ਝੋਨਾ ਸੁੱਟਣ ਲਈ ਵੱਡੀ ਸਮੱਸਿਆ ਆ ਰਹੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਡਿਪਟੀ ਕਮਿਸ਼ਨਰ ਤੇ ਐਸਡੀਐਮ ਅਮਲੋਹ ਦੇ ਧਿਆਨ ਵਿਚ ਵੀ ਲਿਆਂਦਾ ਹੈ। ਰਾਜੂ ਖੰਨਾ ਨੇ ਸਰਕਾਰ ਤੇ ਖਰੀਦ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇ ਅਨਾਜ ਮੰਡੀ ਰੰਘੇੜੀ ਕਲਾਂ 'ਚ ਖਰੀਦ ਪ੍ਰਬੰਧਾਂ ਵਿਚ ਜਲਦੀ ਸੁਧਾਰ ਕਰਕੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਜਲਦ ਰਾਹਤ ਨਾ ਦਿੱਤੀ ਤਾਂ ਆਉਂਦੇ ਦਿਨੀਂ ਅਕਾਲੀ ਦਲ ਇਸ ਮੰਡੀ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਵੱਡਾ ਸੰਘਰਸ਼ ਕਰੇਗਾ।

ਇਸ ਸਬੰਧੀ ਜਦੋਂ ਪਨਗ੍ਰੇਨ ਦੇ ਇੰਸਪੈਕਟਰ ਸੰਦੀਪ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲਿਫਟਿੰਗ ਦੀ ਸਮੱਸਿਆ ਜਲਦ ਹੱਲ ਹੋ ਜਾਵੇਗੀ ਕਿਉਂਕਿ ਸ਼ੈਲਰ ਹੁਣ ਅਲਾਟ ਕਰ ਦਿੱਤੇ ਗਏ ਅਤੇ ਅਨਾਜ ਮੰਡੀ ਰੰਘੇੜੀ 'ਚ ਸਾਡੇ ਕੋਲ ਝੋਨੇ ਦੀ ਖਰੀਦ ਨਾ ਹੋਣ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ। ਉਨ੍ਹਾਂ ਕਿਹਾ ਕਿ ਜੇਕਰ ਝੋਨੇ ਦੀ ਖਰੀਦ ਦੀ ਕੋਈ ਸਮੱਸਿਆ ਹੈ ਤਾਂ ਆੜ੍ਹਤੀਆਂ ਜਾਂ ਕਿਸਾਨ ਉਨ੍ਹਾਂ ਨੂੰ ਜ਼ਰੂਰ ਆ ਕੇ ਦੱਸਣ। ਇਸ ਮੌਕੇ ਮੁਲਾਜ਼ਮ ਵਿੰਗ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ, ਕੈਪਟਨ ਜਸਵੰਤ ਸਿੰਘ ਬਾਜਵਾ, ਆੜ੍ਹਤੀ ਹਰਜਿੰਦਰ ਸਿੰਘ ਰੰਘੇੜੀ, ਸੁਖਨਿੰਦਰ ਸਿੰਘ ਕਾਕਾ ਝੰਬਾਲਾ, ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ, ਪ੍ਰਧਾਨ ਹਰਬੰਸ ਸਿੰਘ ਬਡਾਲੀ, ਸ਼ੈਲਰ ਮੁਨੀਮ ਐਸੋਸੀਏਸ਼ਨ ਦੇ ਪ੍ਰਧਾਨ ਸੋਹਣ ਲਾਲ ਭੜੀ, ਗੁਰਮੇਲ ਸਿੰਘ ਆਦਿ ਮੌਜੂਦ ਸਨ।