ਐਚਐਸ ਸੈਣੀ, ਰਾਜਪੁਰਾ

ਰਾਜਪੁਰਾ ਵਿਖੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਘਨੌਰ ਦੀ ਅਹਿੰਮ ਮੀਟਿੰਗ ਬਲਾਕ ਪ੍ਰਧਾਨ ਹਜੂਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਯੂਨੀਅਨ ਦੇ ਸੂਬਾਈ ਖਜਾਨਚੀ ਗੁਲਜਾਰ ਸਿੰਘ ਸਲੇਮਪੁਰ ਜੱਟਾਂ ਨੇ ਵਿਸ਼ੇਸ਼ ਤੌਰ 'ਤੇ ਸਮੂਲੀਅਤ ਕੀਤੀ। ਮੀਟਿੰਗ ਵਿੱਚ 20 ਜੁਲਾਈ ਨੰੰੂ ਹੋਣ ਵਾਲੀ ਟਰੈਕਟਰ ਰੈਲੀ ਸਬੰਧੀ ਤਿਆਰੀ ਕਰਨ ਅਤੇ ਪਿੰਡਾਂ ਵਿਚ ਨੁਕੜ ਮੀਟਿੰਗਾਂ ਕਰਨ, ਕਿਸਾਨਾਂ ਨੂੰ ਸ਼ੋਸ਼ਲ ਡਿਸਟੈਸਿੰਗ ਰੱਖਣ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਜਾਗਰੂਕ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂੁਬਾਈ ਆਗੂ ਗੁਲਜਾਰ ਸਿੰਘ ਅਤੇ ਬਲਾਕ ਪ੍ਰਧਾਨ ਹਜੂਰਾ ਸਿੰਘ ਨੇ ਕੇਂਦਰ ਵਲੋਂ ਜਾਰੀ ਕੀਤੇ ਖੇਤੀ ਸਬੰਧੀ ਆਰਡੀਨੈਸਾਂ ਬਾਰੇ ਜਾਣਕਾਰੀ ਦਿੰਦਿਆ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਉਜਾੜਨ ਦੀਆਂ ਨੀਤੀਆਂ ਅਤੇ ਕੇਂਦਰ ਦੀ ਭਾਜਪਾ ਦੀ ਭਾਈਵਾਲ ਪਾਰਟੀ ਸ੍੍ਰੋਮਣੀ ਅਕਾਲੀ ਦਲ (ਬ) ਦੀ ਕਾਰਜਗੁਜਾਰੀ ਦੀ ਵੀ ਜਮ ਕੇ ਅਲੋਚਨਾ ਕੀਤੀ ਅਤੇ ਪੰਜਾਬ ਲਈ ਵੱਧ ਅਧਿਕਾਰਾਂ ਦੀ ਮੰਗ ਕਰਨ ਅਤੇ ਅਨੰਦਪੁਰ ਮਤਾ ਪਾਸ ਕਰਨ ਵਾਲੀ ਪਾਰਟੀ ਦੀ ਭਰਿਸ਼ਟ ਬੁੱਧੀ ਦੀ ਸੁੱਧੀ ਲਈ ਅਰਦਾਰ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਪਾਸੋਂ ਕੇਂਦਰ ਨੇ ਪਾਣੀ, ਖੇਤੀ, ਸਿਹਤ ਅਤੇ ਐਜੂਕੇਸ਼ਨ ਵਰਗੇ ਮੁੱਦੇ ਜਿਹੜੇ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਆਉਂਦੇ ਸਨ ਖੋਹ ਲਏ ਹਨ। ਅਕਾਲੀ ਦਲ ਬਾਦਲ ਫਿਰ ਵੀ ਕੇਂਦਰ ਸਰਕਾਰ ਨਾਲ ਖੜਾ ਹੈ। ਪੰਜਾਬ ਨੂੰ ਡੋਬਣ ਦੀ ਅਕਾਲੀ ਦਲ(ਬਾਦਲ) ਦੀਆਂ ਨੀਤੀਆਂ ਬਾਰੇ ਵੀ ਖੁਲ ਕੇ ਵਿਚਾਰਾਂ ਹੋਈਆਂ। ਕੇਂਦਰ ਸਰਕਾਰ ਨੇ ਪੈਟਰੋਲ ਤੇ ਡੀਜਲ ਕੰਪਨੀਆਂ ਨੂੰ ਲੋਕਾਂ ਨੂੰ ਲੁੱਟਣ ਦੀ ਪੂਰੀ ਖੁਲ ਦੇ ਰੱਖੀ ਹੈ। ਇਕ ਮਹੀਨੇ ਵਿਚ ਤਕਰੀਬਨ 12 ਰੁਪਏ ਲੀਟਰ ਡੀਜ਼ਲ ਦੀ ਕੀਮਤ ਵਧੀ ਹੈ। ਮੀਟਿੰਗ ਵਿਚ ਸਰਕਾਰ ਤੋ ਮੰਗ ਕੀਤੀ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਅੱਧੀਆਂ ਕੀਤੀਆਂ ਜਾਣ, ਸਰਕਾਰ ਵਲੋਂ ਜਾਰੀ ਕਿਸਾਨ ਆਰਡੀਨੈਂਸ ਨੂੰ ਰੱਦ ਕਰਨਾ ਆਦਿ ਹਨ। ਇਨ੍ਹਾਂ ਦੇ ਵਿਰੋਧ ਕਰਨ ਲਈ ਸੰਭੂ ਤੋਂ ਰਾਜਪੁਰਾ ਤੱਕ 20 ਜੁਲਾਈ ਨੂੰ ਟਰੈਕਟਰ ਚੈਨ ਬਣਾ ਕੇ ਵਿਖਾਵਾ ਕਰਨ ਲਈ ਵਧ ਤੋ ਵੱਧ ਕਿਸਾਨਾਂ ਨੂੰ ਟਰੈਕਟਰ ਲੈ ਕੇ ਰੈਲੀ ਵਿਚ ਸਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਮੀਟਿੰਗ 'ਚ ਚਰਨਜੀਤ ਸਿੰਘ ਹਰੀਪੁਰ ਝੂੰਗੀਆਂ, ਗੁਰਜੀਤ ਸਿੰਘ ਸਰਾਲਾ, ਅਮਰੀਕ ਸਿੰਘ ਕਪੂਰੀ, ਟਹਿਲ ਸਿੰਘ ਟਿਵਾਣਾ, ਗੁਰਦੀਪ ਸਿੰਘ ਰੁੜਕੀ, ਅਮਰੀਕ ਸਿੰਘ ਸਿਆਲੂ, ਰਣਜੀਤ ਸਿੰਘ ਲੋਹਸਿੰਬਲੀ, ਗੁਰਮੀਤ ਸਿੰਘ ਸੰਧਾਰਸੀ, ਮਹਿੰਦਰ ਸਿੰਘ ਪਿੱਪਲ ਮੰਘੋਲੀ ਨੇ ਵੀ ਸੰਬੋਧਨ ਕੀਤਾ।ਇਸ ਦੌਰਾਨ ਅਜਾਇਬ ਸਿੰਘ ਚੱਪੜ ਅਤੇ ਜਗਤਾਰ ਸਿੰਘ ਅਲੰਮਦੀਪੁਰ ਵੀ ਹਾਜ਼ਰ ਸਨ।