ਹਰਿੰਦਰ ਸ਼ਾਰਦਾ, ਪਟਿਆਲਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੋਮਵਾਰ ਤੜਕਸਾਰ ਕਿਸਾਨਾਂ ਵੱਲੋਂ ਪਟਿਆਲਾ ਰੇਲਵੇ ਸਟੇਸ਼ਨ 'ਤੇ ਟਰੇਨਾਂ ਰੋਕ ਕੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਹ ਐਕਸ਼ਨ ਲਖ਼ੀਮਪੁਰ ਖੀਰੀ ਘਟਨਾ ਦੇ ਰੋਸ ਵਜੋਂ ਸ਼ੁਰੂ ਕੀਤਾ ਹੈ। ਇਹ ਪੋ੍ਗਰਾਮ ਸੋਮਵਾਰ ਨੂੰ ਕਿਸਾਨਾਂ ਵਲੋਂ ਸਵੇਰੇ 10 ਤੋ ਸ਼ਾਮ 4 ਵਜੇ ਤਕ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਮਿੰਦਰ ਪਟਿਆਲਾ, ਬੀਕੇਯੂ ਡਕੌਂਦਾ ਦੇ ਗੁਰਮੇਲ ਸਿੰਘ ਢਕੜੱਬਾ, ਪ੍ਰਭਜੀਤ ਸਿੰਘ, ਦਵਿੰਦਰ ਸਿੰਘ ਪੁਨੀਆ, ਬੀਕੇਯੂ ਰਾਜੇਵਾਲ ਦੇ ਆਗੂ ਗੁਰਚਰਨ ਸਿੰਘ ਪਰੌੜ, ਬੀਕੇਯੂ ਕ੍ਰਾਂਤੀਕਾਰੀ ਰਣਜੀਤ ਸਿੰਘ ਸਵਾਜਪੁਰ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਰਮੇਸ਼ ਅਜ਼ਾਦ, ਬੀਕੇਯੂ ਲੱਖੋਵਾਲ ਦੇ ਆਗੂ ਦਲਜੀਤ ਸਿੰਘ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਕੋਸਿਆ ਤੇ ਲਖੀਮਪਰ ਖੀਰੀ ਘਟਨਾ 'ਚ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਹਰਭਜਨ ਸਿੰਘ ਬੁਟਰ, ਚਰਨਜੀਤ ਕੌਰ ਧੂੜੀਆਂ, ਅਵਤਾਰ ਸਿੰਘ ਕੌਰਜੀਵਾਲਾ ਆਦਿ ਹਾਜ਼ਰ ਸਨ।

-----------------

ਧਰਨੇ ਕਾਰਨ ਰੇਲ ਯਾਤਰੀ ਹੋਏ ਪਰੇਸ਼ਾਨ

ਜ਼ਿਆਦਾਤਰ ਯਾਤਰੀਆਂ ਨੂੰ ਕਿਸਾਨਾਂ ਦੇ ਧਰਨੇ ਸਬੰਧੀ ਜਾਣਕਾਰੀ ਨਹੀਂ ਸੀ, ਜਿਸ ਕਾਰਨ ਉਨਾਂ੍ਹ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀ ਰਮੇਸ਼ ਕੁਮਾਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਹ ਰੇਲ ਦੀ ਟਿਕਟ ਬੁੱਕ ਕਰਵਾ ਕੇ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਰੇਲਵੇ ਸਟੇਸ਼ਨ ਤੋਂ ਅੰਮਿ੍ਤਸਰ ਲਈ ਚੜ੍ਹੇ ਸਨ। ਜਿਥੇ ਉਹ ਮਿਹਨਤ ਮਜ਼ਦੂਰੀ ਕਰਦੇ ਹੋਏ ਹਨ। ਜਦ ਕਿ ਉਸ ਦਾ ਪਰਿਵਾਰ ਮੁੰਬਈ ਵਿਚ ਹੀ ਰਹਿੰਦਾ ਹੈ। ਉਸ ਨੂੰ ਉਕਤ ਪ੍ਰਦਰਸ਼ਨ ਦੀ ਜਾਣਕਾਰੀ ਨਹੀਂ ਸੀ।