ਸੀਨੀਅਰ ਰਿਪੋਰਟਰ, ਪਟਿਆਲਾ : ਪੰਜਾਬ ਦੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਤਵਾਰ ਨੂੰ ਪਟਿਆਲਾ ਪੁੱਜ ਕੇ ਕੈਨੇਡਾ ਦੀ ਸਾਬਕਾ ਐੱਮਪੀ ਨੀਨਾ ਗਰੇਵਾਲ ਦੇ ਪੇਕਾ ਪਰਿਵਾਰ ਦਾ ਪਿਛਲੇ ਕਰੀਬ ਢਾਈ ਸਾਲ ਤੋਂ ਕਿਸੇ ਵਿਅਕਤੀ ਵੱਲੋਂ ਨਾਜਾਇਜ਼ ਕਬਜ਼ੇ ਹੇਠ ਦੱਬਿਆ ਜੱਦੀ ਘਰ ਛੁਡਵਾ ਕੇ ਘਰ ਦੇ ਦਸਤਾਵੇਜ਼ ਨੀਨਾ ਗਰੇਵਾਲ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸੌਂਪੇ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਪਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਦੀ ਰਾਖੀ ਕਰਨ ਸਮੇਤ ਪਰਵਾਸੀ ਭਾਰਤੀਆਂ ਦੇ ਨਾਲ ਸਬੰਧਤ ਸਾਰੇ ਮਸਲੇ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਵਚਨਬੱਧ ਹੈ ਅਤੇ ਕਿਸੇ ਵੀ ਐੱਨਆਰਆਈ ਦੀ ਇਕ ਇੱਟ ਵੀ ਦੱਬਣ ਨਹੀਂ ਦਿੱਤੀ ਜਾਵੇਗੀ।

ਕੈਬਨਿਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਨੀਨਾ ਮਿੱਤਲ ਦੇ ਪਿਤਾ ਸਵਰਗੀ ਨਿਹਾਲ ਸਿੰਘ ਢਿੱਲੋਂ ਦੇ ਪਰਿਵਾਰ ਦਾ ਇੱਥੇ ਸੇਵਕ ਕਾਲੋਨੀ ਸਥਿਤ ਜੱਦੀ ਘਰ, ਜੋਕਿ ਪਿਛਲੇ ਕਰੀਬ ਢਾਈ ਸਾਲਾਂ ਤੋਂ ਨਾਜਾਇਜ਼ ਕਬਜ਼ੇ ਹੇਠ ਸੀ ਅਤੇ ਪੰਜਾਬ ਸਰਕਾਰ ਵੱਲੋਂ ਦਰਖ਼ਾਸਤ ਮਿਲਣ ਤੋਂ ਬਾਅਦ 48 ਘੰਟਿਆਂ ’ਚ ਖ਼ਾਲੀ ਕਰਵਾਉਣ ਦੀ ਕਾਰਵਾਈ ਮੁਕੰਮਲ ਹੋਣ ਉਪਰੰਤ, ਇਹ ਘਰ ਸਵਰਗੀ ਢਿੱਲੋਂ ਦੀ ਸਪੁੱਤਰੀ ਨੀਨਾ ਗਰੇਵਾਲ ਤੇ ਨੂੰਹ ਪਰਵੀਰ ਢਿੱਲੋਂ ਨੂੰ ਅੱਜ ਕਬਜ਼ਾ ਸੌਂਪ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨੀਨਾ ਗਰੇਵਾਲ ਕੈਨੇਡਾ ਦੀ ਪਹਿਲੀ ਸਿੱਖ ਮਹਿਲਾ ਮੈਂਬਰ ਪਾਰਲੀਮੈਂਟ ਤੇ ਪਹਿਲਾ ਸਿੱਖ ਜੋੜਾ ਐੱਮਪੀ ਵੀ ਰਹਿ ਚੁੱਕੇ ਹਨ। ਨੀਨਾ ਗਰੇਵਾਲ ਕੈਨੇਡਾ ’ਚ 4 ਵਾਰ ਐੱਮਪੀ ਰਹੇ ਤੇ ਉਨ੍ਹਾਂ ਦੇ ਪਤੀ ਗੁਰਬੰਤ ਸਿੰਘ ਗਰੇਵਾਲ 3 ਵਾਰ ਐੱਮਪੀ ਰਹੇ ਹਨ।

Posted By: Sandip Kaur