ਭਾਰਤ ਭੂਸ਼ਣ ਗੋਇਲ, ਸਮਾਣਾ : ਸਾਬਕਾ ਏਐੱਸਆਈ ਬ੍ਰਹਮ ਪ੍ਰਕਾਸ਼ ਤੇ ਉਸ ਦੇ ਪੁੱਤਰ ਸੰਨੀ ਕੁਮਾਰ ਦੀ ਦਿਨ ਦਿਹਾੜੇ ਹੱਤਿਆ ਕਰਨ ਦੇ ਮਾਮਲੇ ਪੁਲਿਸ ਨੇ ਤਜਿੰਦਰ ਪਾਲ ਨੂੰ ਪਿੰਡ ਫਤਿਹਮਾਜਰੀ ਤੋਂ ਗਿ੍ਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ (ਡੀ) ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਿਸ ਨੇ ਵਾਰਦਾਤ ਤੋਂ ਫੌਰਨ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ। ਪੁਲਿਸ ਨੇ ਮੁਲਜ਼ਮ ਨੂੰ ਪਿੰਡ ਫਤਿਹਮਾਜਰੀ ਨੇੜੇ ਤੋਂ ਉਸ ਵੇਲੇ ਗਿ੍ਫ਼ਤਾਰ ਕਰ ਲਿਆ ਜਦੋਂ ਮੁਲਜ਼ਮ ਪੁਲਿਸ ਵੱਲੋਂ ਪਿੱਛਾ ਕੀਤੇ ਜਾਣ ਕਾਰਨ ਆਪਣੀ ਐੱਚਯੂਵੀ ਕਾਰ (ਐਚਆਰ 12 ਏਐੱਫ 5438) ਤੋਂ ਸੰਤੁਲਨ ਖੋਹ ਬੈਠਿਆ ਤੇ ਉਸ ਦੀ ਕਾਰ ਸੜਕ ਕਿਨਾਰੇ ਇਕ ਦਰੱਖਤ ਨਾਲ ਜਾ ਟਕਰਾਈ। ਐੱਸਪੀ ਡੀ ਹਰਪ੍ਰੀਤ ਸਿੰਘ ਹੁੰਦਲ ਨੇ ਅੱਗੇ ਦੱਸਿਆ ਕਿ ਮੁਲਜ਼ਮ ਤਜਿੰਦਰ ਪਾਲ ਸਿੰਘ ਵਾਸੀ ਮੱਛੀ ਹੱਟਾ ਚੌਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੋਹਰੇ ਕਤਲ ਕਾਂਡ ਪਿੱਛੇ ਜ਼ਮੀਨੀ ਝਗੜਾ ਸੀ ਦੋਵੇਂ ਆਪਸ ਵਿਚ ਗੁਆਂਢੀ ਸਨ ਤੇ ਦੋਹਾਂ ਵਿਚਕਾਰ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।

ਹਾਲਾਂਕਿ ਜ਼ਮੀਨੀ ਝਗੜੇ ਦਾ ਕੋਰਟ ਵਿਚ ਫ਼ੈਸਲਾ ਹੋ ਚੁੱਕਾ ਸੀ ਪ੍ਰੰਤੂ ਅੱਜ ਦੋਵੇਂ ਆਪਸ ਵਿੱਚ ਉਸੇ ਗੱਲ ਨੂੰ ਲੈ ਕੇ ਬਹਿਸ ਪਏ ਅਤੇ ਪੀਟਰ ਨੇ ਦਹਿਸ਼ਤ ਵਿਚ ਆ ਕੇ ਬ੍ਰਹਮ ਪ੍ਰਕਾਸ਼ ਅਤੇ ਉਸ ਦੇ ਪੁੱਤਰ ਸੰਨੀ ਤੇ ਫਾਇਰ ਕਰ ਦਿੱਤੇ, ਜਿਸ ਨਾਲ ਸਾਬਕਾ ਏਐਸਆਈ ਬ੍ਰਹਮ ਪ੍ਰਕਾਸ਼ ਅਤੇ ਉਸ ਦੇ ਪੁੱਤਰ ਸਨੀ ਕੁਮਾਰ ਦੀ ਮੌਤ ਹੋ ਗਈ। ਐੱਸਪੀ ਡੀ ਹਰਪ੍ਰੀਤ ਹੁੰਦਲ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਪਾਸੋਂ ਬੱਤੀ ਬੋਰ ਦਾ ਰਿਵਾਲਵਰ ਛੇ ਖਾਲੀ ਹੋਲ ਅਤੇ ਇਕ ਭਰਿਆ ਹੋਇਆ ਰੋਂਦ ਬਰਾਮਦ ਕੀਤਾ ਹੈ। ਪੁਲਿਸ ਨੇ ਅੱਜ ਮੁਲਜ਼ਮ ਨੂੰ ਮਾਣਯੋਗ ਜਸਵੀਰ ਸਿੰਘ ਐੱਸਡੀਜੇਐੱਮ ਦੀ ਅਦਾਲਤ ਵਿਚ ਪੇਸ਼ ਕੀਤਾ ਅਤੇ ਦਸ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਪ੍ਰੰਤੂ ਮਾਣਯੋਗ ਅਦਾਲਤ ਨੇ ਮੁਲਜ਼ਮ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।